ਚੰਡੀਗੜ੍ਹ ’ਚ ਸ਼ਰਾਬ ਦੇ 97 ਵਿੱਚੋਂ 96 ਠੇਕੇ ਨਿਲਾਮ
ਆਤਿਸ਼ ਗੁਪਤਾ
ਚੰਡੀਗੜ੍ਹ, 21 ਮਾਰਚ
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਨੂੰ ਮੱਠਾ ਹੁੰਗਾਰਾ ਮਿਲ ਰਿਹਾ ਹੈ। ਪਰ ਦੋ ਸਾਲ ਬਾਅਦ ਯੂਟੀ ਪ੍ਰਸ਼ਾਸਨ ਦਾ ਕਰ ਤੇ ਆਬਕਾਰੀ ਵਿਭਾਗ ਪਹਿਲੇ ਹੀ ਝਟਕੇ ਆਪਣੇ ਲਗਭਗ ਸਾਰੇ ਠੇਕੇ ਨਿਲਾਮ ਕਰਨ ਵਿੱਚ ਕਾਮਯਾਬ ਹੋ ਪਾਇਆ ਹੈ। ਅੱਜ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿਚਲੇ 97 ਵਿੱਚੋਂ 96 ਸ਼ਰਾਬ ਦੇ ਠੇਕੇ ਨਿਲਾਮ ਹੋ ਗਏ ਹਨ। ਇਸ ਵਿੱਚ ਚੰਡੀਗੜ੍ਹ ਤੇ ਮੁਹਾਲੀ ਦੀ ਹੱਦ ’ਤੇ ਸਥਿਤ ਪਿੰਡ ਪਲਸੌਰਾ ਵਾਲਾ ਠੇਕਾ ਸਭ ਤੋਂ ਮਹਿੰਗਾ 14 ਕਰੋੜ ਰੁਪਏ ਵਿੱਚ ਨਿਲਾਮ ਹੋਇਆ ਹੈ। ਕਰ ਤੇ ਆਬਕਾਰੀ ਵਿਭਾਗ ਵੱਲੋਂ ਪਿੰਡ ਪਲਸੌਰਾ ਦੇ ਠੇਕੇ ਦੀ ਰਾਖਵੀਂ ਕੀਮਤ 10.22 ਕਰੋੜ ਰੁਪਏ ਤੈਅ ਕੀਤੀ ਗਈ ਸੀ, ਜਦੋਂ ਕਿ ਇਹ ਠੇਕਾ 14 ਕਰੋੜ ਵਿੱਚ ਨਿਲਾਮ ਹੋਇਆ ਹੈ।
ਇਸੇ ਤਰ੍ਹਾਂ ਯੂਟੀ ਪ੍ਰਸ਼ਾਸਨ ਨੇ ਧਨਾਸ ਵਿਖੇ ਠੇਕੇ ਦੀ ਰਾਖਵੀਂ ਕੀਮਤ 8.71 ਕਰੋੜ ਰੁਪਏ ਅਤੇ ਖੁੱਡਾ ਲਾਹੌਰਾ ਵਿਖੇ 7.56 ਕਰੋੜ ਰੁਪਏ ਨਿਰਧਾਰਤ ਕੀਤੀ ਸੀ। ਇਸ ਨਿਲਾਮੀ ਦੌਰਾਨ ਧਨਾਸ ਵਾਲਾ ਠੇਕਾ 11.27 ਕਰੋੜ ਰੁਪਏ ਅਤੇ ਖੁੱਡਾ ਲਾਹੌਰਾ ਵਾਲਾ ਠੇਕਾ 8.75 ਕਰੋੜ ਰੁਪਏ ਵਿੱਚ ਨਿਲਾਮ ਹੋਇਆ ਹੈ। ਸੈਕਟਰ-9 ਵਿਖੇ ਮੱਧ ਮਾਰਗ ’ਤੇ ਸਥਿਤ ਸ਼ਰਾਬ ਦਾ ਠੇਕਾ 5.53 ਕਰੋੜ ਰੁਪਏ ਰਾਖਵੀਂ ਕੀਮਤ ਦੇ ਮੁਕਾਬਲੇ 11.15 ਕਰੋੜ ਰੁਪਏ ਅਤੇ ਸੈਕਟਰ-43 ਮਾਰਕੀਟ ਵਾਲਾ ਠੇਕਾ 1.73 ਕਰੋੜ ਰੁਪਏ ਦੇ ਮੁਕਾਬਲੇ 5 ਕਰੋੜ ਰੁਪਏ ਵਿੱਚ ਨਿਲਾਮ ਹੋਇਆ ਹੈ। ਇਸ ਤੋਂ ਇਲਾਵਾ ਪਿੰਡ ਕੈਂਬਵਾਲਾ ਵਾਲਾ ਠੇਕਾ 1.71 ਕਰੋੜ ਰੁਪਏ ਦੇ ਮੁਕਾਬਲੇ 4 ਕਰੋੜ ਰੁਪਏ ਵਿੱਚ ਨਿਲਾਮ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਵੱਲੋਂ ਵਿੱਤ ਵਰ੍ਹੇ 2025-26 ਲਈ ਜਾਰੀ ਕੀਤੀ ਨਵੀਂ ਆਬਕਾਰੀ ਨੀਤੀ ਤਹਿਤ ਸ਼ਹਿਰ ਵਿੱਚ ਕੁੱਲ 97 ਸ਼ਰਾਬ ਦੇ ਠੇਕੇ ਨਿਲਾਮੀ ਰੱਖੀ ਗਈ। ਇਸ ਨਿਲਾਮੀ ਦੌਰਾਨ ਕੁੱਲ 97 ਵਿੱਚੋਂ 96 ਸ਼ਰਾਬ ਦੇ ਠੇਕਿਆਂ ਲਈ ਕੁੱਲ 228 ਜਣੇ ਸਾਹਮਣੇ ਆਏ। ਜਿਨ੍ਹਾਂ ਨੇ ਈ-ਟੈਂਡਰ ਰਾਹੀਂ ਬੋਲੀ ਦਿੱਤੀ ਗਈ। ਇਸ ਨਿਲਾਮੀ ਦੌਰਾਨ ਯੂਟੀ ਪ੍ਰਸ਼ਾਸਨ ਨੇ 96 ਸ਼ਰਾਬ ਦੇ ਠੇਕਿਆਂ ਦੀ ਰਾਖਵੀਂ ਕੀਮਤ 439.29 ਕਰੋੜ ਰੁਪਏ ਰੱਖੀ ਗਈ ਸੀ, ਜਦੋਂ ਕਿ ਯੂਟੀ ਪ੍ਰਸ਼ਾਸਨ ਨੇ ਇਨ੍ਹਾਂ ਠੇਕਿਆਂ ਦੀ ਨਿਲਾਮੀ ਤੋਂ 606.43 ਕਰੋੜ ਰੁਪਏ ਦੀ ਕਮਾਈ ਕੀਤੀ ਹੈ, ਜੋ ਕਿ ਰਾਖਵੀਂ ਕੀਮਤ ਨਾਲੋਂ 36 ਫ਼ੀਸਦ ਵੱਧ ਹੈ। ਯੂਟੀ ਪ੍ਰਸ਼ਾਸਨ ਨੇ ਵਿੱਤ ਵਰ੍ਹੇ 2025-26 ’ਚ ਆਬਕਾਰੀ ਤੋਂ 800 ਕਰੋੜ ਰੁਪਏ ਕਮਾਉਣ ਦਾ ਟੀਚਾ ਮਿੱਥਿਆ ਹੈ। ਇਹ ਟੀਚਾ ਪਿਛਲੇ ਸਾਲ ਨਾਲੋਂ 200 ਕਰੋੜ ਰੁਪਏ ਘੱਟ ਹੈ। ਯੂਟੀ ਪ੍ਰਸ਼ਾਸਨ ਨੇ ਪਿਛਲੇ ਸਾਲ ਆਬਕਾਰੀ ਤੋਂ ਇਕ ਹਜ਼ਾਰ ਕਰੋੜ ਰੁਪਏ ਕਮਾਉਣ ਦਾ ਟੀਚਾ ਮਿੱਥਿਆ ਸੀ।
ਦੱਸਣਯੋਗ ਹੈ ਕਿ ਯੂਟੀ ਪ੍ਰਸ਼ਾਸਨ ਨੇ ਪਿਛਲੇ ਸਾਲ ਠੇਕਿਆਂ ਦੀ ਨਿਲਾਮੀ ’ਚ ਪਹਿਲੇ ਗੇੜ ’ਚ ਸਿਰਫ਼ 50 ਠੇਕੇ ਨਿਲਾਮ ਕੀਤੇ ਸਨ। ਜਦੋਂ ਕਿ ਯੂਟੀ ਪ੍ਰਸ਼ਾਸਨ ਪਿਛਲੀ ਵਾਰ 97 ਵਿੱਚੋਂ 85 ਠੇਕੇ ਨਿਲਾਮ ਕਰ ਸਕਿਆ ਸੀ, ਜਿਸ ਕਰਕੇ ਪੂਰਾ ਸਾਲ 12 ਠੇਕੇ ਨਿਲਾਮ ਨਹੀਂ ਹੋ ਸਕੇ ਹਨ।
ਸਾਰੇ ਠੇਕੇ ਇੱਕ ਹੀ ਕੰਪਨੀ ਨੂੰ ਦੇਣ ਦਾ ਵਿਰੋਧ
ਚੰਡੀਗੜ੍ਹ (ਕੁਲਦੀਪ ਸਿੰਘ): ਚੰਡੀਗੜ੍ਹ ਸ਼ਹਿਰ ਦੇ ਸ਼ਰਾਬ ਕਾਰੋਬਾਰੀ ਸਾਲ 2025-26 ਦੀ ਸ਼ਰਾਬ ਨੀਤੀ ਦੇ ਵਿਰੁੱਧ ਇੱਕਜੁੱਟ ਹੋ ਗਏ ਹਨ ਜਿਸ ਦਾ ਕਾਰਨ ਇਹ ਹੈ ਕਿ ਅੱਜ ਦੀ ਨਿਲਾਮੀ ਵਿੱਚ ਸ਼ਰਾਬ ਦੇ ਸਾਰੇ ਠੇਕੇ ਸਿਰਫ਼ ਇੱਕ ਹੀ ਕੰਪਨੀ ਨੂੰ ਦੇ ਦਿੱਤੇ ਗਏ ਹਨ। ਸ਼ਰਾਬ ਵਪਾਰੀਆਂ ਨੇ ਇਸ ਸਬੰਧੀ ਚੰਡੀਗੜ੍ਹ ਆਬਕਾਰੀ ਵਿਭਾਗ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਦੀ ਮੰਗ ਹੈ ਕਿ ਇਸ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਮਜ਼ਬੂਰ ਹੋ ਕੇ ਉਹ ਅਦਾਲਤ ਦਾ ਦਰਵਾਜ਼ਾ ਵੀ ਖੜਕਾਉਣਗੇ। ਅੱਜ ਇੱਥੇ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੰਡੀਗੜ੍ਹ ਵਾਈਨ ਕੰਟਰੈਕਟਰਜ਼ ਐਸੋਸੀਏਸ਼ਨ ਦੇ ਅਹੁਦੇਦਾਰਾਂ ਵਿੱਚੋਂ ਦਰਸ਼ਨ ਸਿੰਘ ਅਤੇ ਹੋਰਨਾਂ ਮੈਂਬਰਾਂ ਨੇ ਕਿਹਾ ਕਿ ਅੱਜ ਦੀ ਨਿਲਾਮੀ ਵਿੱਚ ਟੈਂਡਰ ਪ੍ਰਕਿਰਿਆ ਦੀ ਸਹੀ ਢੰਗ ਨਾਲ ਪਾਲਣਾ ਨਹੀਂ ਕੀਤੀ ਗਈ। ਚੰਡੀਗੜ੍ਹ ਦੀ ਆਬਕਾਰੀ ਨੀਤੀ ਦੇ ਅਨੁਸਾਰ ਇੱਕ ਕੰਪਨੀ ਲਈ ਨਿਲਾਮੀ ਵਿੱਚ 10 ਠੇਕੇ ਲੈਣ ਦਾ ਪ੍ਰਾਵਧਾਨ ਹੈ ਪ੍ਰੰਤੂ ਇਸ ਵਾਰ ਅਜਿਹਾ ਨਹੀਂ ਹੋਇਆ। ਨਿਲਾਮੀ ਵਿੱਚ ਵੱਖ-ਵੱਖ ਠੇਕੇਦਾਰਾਂ ਨੂੰ ਠੇਕੇ ਦੇਣ ਦੀ ਬਜਾਇ, ਮੱਧ ਪ੍ਰਦੇਸ਼ ਦੀ ਇੱਕ ਹੀ ਕੰਪਨੀ ਨੂੰ ਦੇ ਦਿੱਤੇ ਗਏ। ਐਸੋਸੀਏਸ਼ਨ ਨੇ ਤੁਰੰਤ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਈ। ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਟੈਂਡਰ ਪ੍ਰਕਿਰਿਆ ਦੀ ਪੂਰੀ ਜਾਂਚ ਹੋਣ ਤੱਕ ਠੇਕੇ ਅਲਾਟ ਨਹੀਂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਚਾਹੁੰਦੀ ਹੈ ਕਿ ਇਸ ਨਿਲਾਮੀ ਨੂੰ ਰੱਦ ਕੀਤਾ ਜਾਵੇ ਅਤੇ ਇੱਕ ਨਵੀਂ ਨਿਲਾਮੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਮਜ਼ਬੂਰ ਹੋ ਕੇ ਅਦਾਲਤ ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਹੋਣਾ ਪਵੇਗਾ। ਉਨ੍ਹਾਂ ਨੇ ਇਸ ਨਿਲਾਮੀ ਪ੍ਰਕਿਰਿਆ ਦੀ ਵਿਜੀਲੈਂਸ, ਸੀਬੀਆਈ ਅਤੇ ਈ.ਡੀ. ਤੋਂ ਜਾਂਚ ਦੀ ਮੰਗ ਵੀ ਕੀਤੀ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ਵਿੱਚ ਆਪਣੀ ਸ਼ਿਕਾਇਤ ਸੰਸਦ ਮੈਂਬਰ ਮਨੀਸ਼ ਤਿਵਾੜੀ ਨੂੰ ਵੀ ਦੱਸ ਦਿੱਤੀ ਹੈ ਜਿਨ੍ਹਾਂ ਨੇ ਇਸ ਬਾਰੇ ਸੰਸਦ ਵਿੱਚ ਸਵਾਲ ਉਠਾਉਣ ਦਾ ਭਰੋਸਾ ਦਿੱਤਾ ਹੈ।