ਮਾਜਰੀ ਬਲਾਕ ’ਚ 94 ਜਣਿਆਂ ਨੇ ਨਾਮਜ਼ਦਗੀ ਭਰੀ
ਬਲਾਕ ਸਮਿਤੀ ਚੋਣਾਂ ਦੇ ਪਹਿਲੇ ਪੜਾਅ ਦੌਰਾਨ ਨਾਮਜ਼ਦੀਆਂ ਦਾਖ਼ਲ ਕਰਨ ਦੇ ਅੱਜ ਅੰਤਿਮ ਦਿਨ ਬਲਾਕ ਮਾਜਰੀ ਵਿੱਚ ਚਾਹਵਾਨ ਉਮੀਦਵਾਰਾਂ ਨੇ ਤਹਿਸੀਲ ਕੰਪਲੈਕਸ ਮਾਜਰੀ ਵਿੱਚ ਕਾਗਜ਼ ਦਾਖ਼ਲ ਕੀਤੇ। ਪਹਿਲੇ ਦਿਨਾਂ ਵਿੱਚ ਨਾਜਮਜ਼ਦੀਆਂ ਭਰਨ ਨੂੰ ਕੋਈ ਖ਼ਾਸ ਹੁੰਗਾਰਾ ਨਾ ਮਿਲਿਆ ਅਤੇ ਅੱਜ...
ਬਲਾਕ ਸਮਿਤੀ ਚੋਣਾਂ ਦੇ ਪਹਿਲੇ ਪੜਾਅ ਦੌਰਾਨ ਨਾਮਜ਼ਦੀਆਂ ਦਾਖ਼ਲ ਕਰਨ ਦੇ ਅੱਜ ਅੰਤਿਮ ਦਿਨ ਬਲਾਕ ਮਾਜਰੀ ਵਿੱਚ ਚਾਹਵਾਨ ਉਮੀਦਵਾਰਾਂ ਨੇ ਤਹਿਸੀਲ ਕੰਪਲੈਕਸ ਮਾਜਰੀ ਵਿੱਚ ਕਾਗਜ਼ ਦਾਖ਼ਲ ਕੀਤੇ। ਪਹਿਲੇ ਦਿਨਾਂ ਵਿੱਚ ਨਾਜਮਜ਼ਦੀਆਂ ਭਰਨ ਨੂੰ ਕੋਈ ਖ਼ਾਸ ਹੁੰਗਾਰਾ ਨਾ ਮਿਲਿਆ ਅਤੇ ਅੱਜ ਅੰਤਿਮ ਦਿਨ ਬਲਾਕ ਦੇ 15 ਜ਼ੋਨਾਂ ਲਈ 94 ਨਾਮਜ਼ਦੀਆਂ ਦਾਖ਼ਲ ਹੋਈਆਂ।
ਬਲਾਕ ਮਾਜਰੀ ਅਧੀਨ ਪੈਂਦੇ ਸਮਿਤੀ ਦੇ 15 ਜ਼ੋਨਾਂ ਵਿੱਚੋਂ ਝੰਡੇਮਾਜਰਾ ਜ਼ੋਨ ਤੋਂ ਸਭ ਤੋਂ ਵੱਧ ਅੱਠ ਉਮੀਦਵਾਰਾਂ ਨੇ ਕਾਗਜ਼ ਭਰੇ ਹਨ ਜਦੋਂਕਿ ਮਿਰਜ਼ਾਪੁਰ, ਮਾਣਕਪੁਰ ਸ਼ਰੀਫ਼, ਬੜੌਦੀ, ਝਿੰਗੜਾਂ ਕਲਾਂ, ਸੈਣੀਮਾਜਰਾ, ਤੀੜਾ ਜ਼ੋਨਾਂ ਤੋਂ ਸੱਤ-ਸੱਤ ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ ਹਨ। ਇਨ੍ਹਾਂ ਤੋਂ ਇਲਾਵਾ ਮਾਜਰਜੀ, ਨਿਹੋਲਕਾ, ਪੜੌਲ ਤੇ ਰੁੜਕੀ ਖਾਮ ਤੋਂ 6-6 ਅਤੇ ਥਾਣਾ ਗੋਬਿੰਦਗੜ੍ਹ, ਖਿਜ਼ਰਾਬਾਦ, ਤਿਊੜ ਤੇ ਜੈਯੰਤੀ ਮਾਜਰੀ ਚਾਰ ਜ਼ੋਨਾਂ ਤੋਂ ਸਭ ਤੋਂ ਘੱਟ 5-5 ਉਮੀਦਵਾਰਾਂ ਨੇ ਨਾਮਜ਼ਦੀਆਂ ਭਰੀਆਂ ਹਨ। ਇਸ ਤੋਂ ਪਹਿਲਾਂ ਨਾਮਜ਼ਦੀਆਂ ਦੇ ਪਹਿਲੇ ਦਿਨ ਕਿਸੇ ਵੀ ਉਮੀਦਵਾਰ ਨੇ ਨਾਮਜ਼ਦਗੀ ਨਹੀਂ ਭਰੀ ਜਦੋਂਕਿ ਦੂਜੇ ਦਿਨ ਬੁੱਧਵਾਰ ਨੂੰ ਮਾਣਕਪੁਰ ਸ਼ਰੀਫ਼ ਤੋਂ ਦੋ ਅਤੇ ਝੰਡੇਮਾਜਰਾ ਜ਼ੋਨ ਤੋਂ ਚਾਰ ਉਮਦੀਵਾਰਾਂ ਨੇ ਨਾਮਜ਼ਦੀਆਂ ਦਾਖ਼ਲ ਕੀਤੀਆਂ ਸਨ। ਬਾਕੀ ਜ਼ੋਨਾਂ ਵਿੱਚ ਸਾਰੀਆਂ ਨਾਮਜ਼ਦਗੀਆਂ ਅੱਜ ਅੰਤਿਮ ਦਿਨ ਭਰੀਆਂ ਗਈਆਂ। ਜ਼ੋਨ ਰੁਕੜੀ ਖਾਮ ਤੋਂ ਕਾਂਗਰਸ ਦੇ ਉਮੀਦਵਾਰ ਸਤਨਾਮ ਸਿੰਘ ਮਿੰਟੂ ਨੇ ਨਾਮਜ਼ਦਗੀ ਭਰੀ। ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ, ਨਗਰ ਕੌਂਸਲ ਕੁਰਾਲੀ ਦੇ ਪ੍ਰਧਾਨ ਤੇ ਸੀਨੀਅਰ ਆਗੂ ਰਣਜੀਤ ਸਿੰਘ ਸਿੰਘ ਜੀਤੀ ਪਡਿਆਲਾ ਤੇ ਕਾਂਗਰਸ ਦੇ ਹਲਕਾ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਉਨ੍ਹਾਂ ਦੇ ਨਾਮਜ਼ਦਗੀ ਪੇਪਰ ਦਾਖ਼ਲ ਕਰਵਾਏ।

