ਸੜਕਾਂ ਦੇ ਟੋਏ ਪੂਰਨ ’ਚ ਜੁਟਿਆ 68 ਸਾਲਾ ਬਜ਼ੁਰਗ
ਪਿੰਡ ਗੁਰਨਾ ਖੇੜੀ ਦੇ 68 ਸਾਲਾ ਬਜ਼ੁਰਗ ਅਤੇ ਸੇਵਾਮੁਕਤ ਕਰਮਚਾਰੀ ਗਿਆਨੀ ਮੇਵਾ ਸਿੰਘ ਨੇ ਬਨੂੜ-ਤੇਪਲਾ ਕੌਮੀ ਮਾਰਗ ਤੋਂ ਪਿੰਡ ਗੁਰਨਾ ਖੇੜੀ ਨੂੰ ਜਾਂਦੀ ਸੰਪਰਕ ਸੜਕ ਦੇ ਟੋਏ ਪੂਰਨ ਲਈ ਖ਼ੁਦ ਹੀ ਆਪਣੇ ਸਿਰ ’ਤੇ ਤਸਲਾ ਚੁੱਕ ਲਿਆ ਹੈ। ਉਹ ਸਾਈਕਲ ਉੱਤੇ ਤਸਲਾ ਅਤੇ ਕਹੀ ਰੱਖ ਕੇ ਸਵੇਰੇ ਘਰੋਂ ਨਿਕਲਦਾ ਹੈ ਅਤੇ ਅਤਿ ਦੀ ਗਰਮੀ ਵਿਚ ਪਸੀਨੋ-ਪਸੀਨੀ ਹੋਇਆ ਸਾਰਾ ਦਿਨ ਇੱਧਰੋਂ-ਉੱਧਰੋਂ ਮਿੱਟੀ-ਰੋੜੇ ਚੁੱਕ ਕੇ ਸੜਕ ਦੇ ਟੋਏ ਭਰ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਸੜਕ ਦੀ ਹਾਲਤ ਕਾਫ਼ੀ ਖਸਤਾ ਹੈ। ਪਿੰਡ ਵਾਸੀ ਇਸ ਸਬੰਧੀ ਹਲਕਾ ਵਿਧਾਇਕ ਅਤੇ ਪ੍ਰਸ਼ਾਸਨ ਨੂੰ ਵੀ ਜਾਣੂ ਕਰਵਾ ਚੁੱਕੇ ਹਨ। ਕਿਸੇ ਵੱਲੋਂ ਵੀ ਸੜਕ ਦੀ ਹਾਲਤ ਸੁਧਾਰਨ ਲਈ ਅਮਲੀ ਤੌਰ ’ਤੇ ਕੁੱਝ ਨਾ ਕੀਤੇ ਜਾਣ ਕਾਰਨ ਉਨ੍ਹਾਂ ਖ਼ੁਦ ਹੀ ਇਹ ਕੰਮ ਆਰੰਭਿਆ ਹੈ। ਉਨ੍ਹਾਂ ਕਿਹਾ ਕਿ ਗੁਰਨਾ ਖੇੜੀ ਵਿਖੇ ਗੁੱਗਾ ਮੈੜੀ ਉੱਤੇ ਹਰ ਸਾਲ ਭਾਰੀ ਮੇਲਾ ਭਰਦਾ ਹੈ, ਜਿਸ ਵਿਚ ਪੰਜਾਬ, ਹਰਿਆਣਾ ਤੋਂ ਸ਼ਰਧਾਲੂ ਮੱਥਾ ਟੇਕਣ ਆਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਮੇਲਾ 17 ਅਤੇ 18 ਅਗਸਤ ਨੂੰ ਭਰਨਾ ਹੈ।
ਉਨ੍ਹਾਂ ਦੱਸਿਆ ਕਿ ਮੇਲੇ ਵਿਚ ਆਉਣ ਵਾਲੇ ਰਾਹਗੀਰਾਂ ਨੂੰ ਸੜਕ ਵਿੱਚ ਟੋਏ ਦੀਆਂ ਦਿੱਕਤਾਂ ਤੋਂ ਬਚਾਉਣ ਲਈ ਉਹ ਇਨ੍ਹਾਂ ਨੂੰ ਭਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸਰਕਾਰਾਂ ਤੋਂ ਜ਼ਿਆਦਾ ਉਮੀਦਾਂ ਰੱਖਣ ਦੀ ਥਾਂ ਆਪਣੇ ਆਲੇ ਦੁਆਲੇ ਦੇ ਰਸਤਿਆਂ ਦੀ ਸੰਭਾਲ ਕਰਨ ਲਈ ਖ਼ੁਦ ਹੀ ਅੱਗੇ ਆਉਣ।