ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 27 ਫ਼ਰਵਰੀ
ਰੂਪਨਗਰ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਪੁਲੀਸ ਹਰਚਰਨ ਸਿੰਘ ਭੁੱਲਰ ਵੱਲੋਂ ਰੂਪਨਗਰ ਰੇਂਜ ਦੇ ਜ਼ਿਲ੍ਹਾ ਐੱਸਏਐੱਸ ਨਗਰ ਅਤੇ ਰੂਪਨਗਰ ਵਿੱਚ ਤਾਇਨਾਤ 593 ਕਰਮਚਾਰੀਆਂ ਨੂੰ ਤਰੱਕੀ ਦਿੱਤੀ ਹੈ, ਜਿਨ੍ਹਾਂ ਵਿੱਚ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ 83 ਪੁਲੀਸ ਕਰਮਚਾਰੀ ਸ਼ਾਮਲ ਹਨ। ਇਨ੍ਹਾਂ ਤਰੱਕੀਆਂ ਦੇ ਹੁਕਮ ਜਾਰੀ ਕਰਦਿਆਂ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੀ ਅਗਵਾਈ ਹੇਠ ਪੰਜਾਬ ਪੁਲੀਸ ਦੇ ਮੁਲਾਜ਼ਮਾਂ ਨੂੰ ਸਮੇਂ-ਸਮੇਂ ’ਤੇ ਤਰੱਕੀ ਦਿੱਤੀ ਜਾਂਦੀ ਹੈ। ਇਸ ਮੌਕੇ 21 ਕਰਮਚਾਰੀਆਂ ਨੂੰ ਸਹਾਇਕ ਥਾਣੇਦਾਰ ਤੋਂ ਸਬ-ਇੰਸਪੈਕਟਰ, 15 ਕਰਮਚਾਰੀਆਂ ਨੂੰ ਹੌਲਦਾਰ ਤੋਂ ਸਹਾਇਕ ਥਾਣੇਦਾਰ, 1 ਕਰਮਚਾਰੀ ਨੂੰ ਸਿਪਾਹੀ ਤੋਂ ਹੌਲਦਾਰ, 24 ਸਾਲ ਦੀ ਸਰਵਿਸ ਪੂਰੀ ਕਰ ਚੁੱਕੇ 54 ਕਰਮਚਾਰੀਆਂ ਨੂੰ ਸਹਾਇਕ ਥਾਣੇਦਾਰ/ਐੱਲਆਰ, 16 ਸਾਲ ਦੀ ਸਰਵਿਸ ਪੂਰੀ ਕਰ ਚੁੱਕੇ 6 ਕਰਮਚਾਰੀਆਂ ਨੂੰ ਹੌਲਦਾਰ/ਪੀਆਰ ਅਤੇ ਅੱਠ ਸਾਲ ਦੀ ਸਰਵਿਸ ਪੂਰੀ ਕਰ ਚੁੱਕੇ 496 ਕਰਮਚਾਰੀਆਂ ਨੂੰ ਸੀਨੀਅਰ ਸਿਪਾਹੀ ਤਰੱਕੀਯਾਬ ਕੀਤਾ ਹੈ। ਜ਼ਿਲ੍ਹਾ ਪੁਲੀਸ ਮੁਖੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਸੱਤ ਕਰਮਚਾਰੀਆਂ ਨੂੰ ਸਹਾਇਕ ਥਾਣੇਦਾਰ ਤੋਂ ਸਬ-ਇੰਸਪੈਕਟਰ, ਦੋ ਕਰਮਚਾਰੀਆਂ ਨੂੰ ਹੌਲਦਾਰ ਤੋਂ ਸਹਾਇਕ ਥਾਣੇਦਾਰ, 1 ਕਰਮਚਾਰੀ ਨੂੰ ਸਿਪਾਹੀ ਤੋਂ ਹੌਲਦਾਰ, 24 ਸਾਲ ਦੀ ਸਰਵਿਸ ਪੂਰੀ ਕਰ ਚੁੱਕੇ 21 ਕਰਮਚਾਰੀਆਂ ਨੂੰ ਸਹਾਇਕ ਥਾਣੇਦਾਰ/ਐੱਲਆਰ, 16 ਸਾਲ ਦੀ ਸਰਵਿਸ ਵਾਲੇ ਇੱਕ ਕਰਮਚਾਰੀ ਨੂੰ ਹੌਲਦਾਰ/ਪੀਆਰ ਅਤੇ ਅੱਠ ਸਾਲ ਦੀ ਸਰਵਿਸ ਵਾਲੇ 51 ਕਰਮਚਾਰੀਆਂ ਨੂੰ ਸੀਨੀਅਰ ਸਿਪਾਹੀ ਵਜੋਂ ਪਦ-ਉਨਤ ਕੀਤਾ ਹੈ। ਸ੍ਰੀ ਭੁੱਲਰ ਨੇ ਪਦ-ਉਨਤ ਹੋਏ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ।