ਰੂਪਨਗਰ ’ਚ 50 ਹਜ਼ਾਰ ਵਿਦਿਆਰਥੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਾਲ ਜੋੜੇ: ਸਿਸੋਦੀਆ
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅੱਜ ਰੂਪਨਗਰ ਜ਼ਿਲ੍ਹੇ ਦੇ ਜ਼ਿਲ੍ਹਾ ਪੱਧਰੀ ਨਾਟਕ ਮੁਕਾਬਲੇ ਇੱਥੇ ਆਈਆਈਟੀ ਵਿੱਚ ਕਰਵਾਏ ਗਏ। ਇਸ ਦੌਰਾਨ ਬਲਾਕ ਪੱਧਰੀ ਮੁਕਾਬਲਿਆਂ ਦੌਰਾਨ ਨਾਟਕ ਟੀਮਾਂ ਵੱਲੋਂ ਐਸਡੀਐੱਮ ਰੂਪਨਗਰ ਡਾ. ਸੰਜੀਵ ਕੁਮਾਰ ਵੱਲੋਂ ਲਿਖਿਆ ਨਾਟਕ ‘ਯੁੱਧ ਨਸ਼ਿਆਂ ਵਿਰੁੱਧ’ ਖੇਡਿਆ ਜਿਸ ਵਿੱਚ ਸਕੂਲ ਆਫ ਐਮੀਨੈਂਸ ਮੋਰਿੰਡਾ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਲੀ ਦੀ ਟੀਮ ਦੂਜੇ ਸਥਾਨ ’ਤੇ ਰਹੀ। ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਦਿੱਲੀ ਦੇ ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪਹੁੰਚੇ। ਉਨ੍ਹਾਂ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮਹਾਂ ਨਾਟਕ ਮੁਕਾਬਲੇ ਜ਼ਿਲ੍ਹਾ ਰੂਪਨਗਰ ਪ੍ਰਸਾਸ਼ਨ ਦਾ ਬਹੁਤ ਵਧੀਆ ਉਪਰਾਲਾ ਹੈ ਤੇ ਜ਼ਿਲ੍ਹੇ ਦੇ ਲਗਪਗ 50 ਹਜ਼ਾਰ ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਮੁਹਿੰਮ ਨਾਲ ਜੋੜਨ ਨਾਲ ਨਸ਼ਿਆਂ ਵਿਰੁੱਧ ਸਰਕਾਰ ਵੱਲੋਂ ਆਰੰਭੀ ਗਈ ਮੁਹਿੰਮ ਦੇ ਕਾਫੀ ਜ਼ਿਆਦਾ ਸਾਰਥਿਕ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਮੁਹਿੰਮ ਨੂੰ ਸੂਬੇ ਦੇ ਲੋਕਾਂ ਦਾ ਭਰਵਾਂ ਸਮਰਥਨ ਮਿਲ ਰਿਹਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਵਾਲੀਆ ਵੀ ਮੌਜੂਦ ਸਨ। ਨਾਟਕ ਮੇਲੇ ਦੌਰਾਨ ਬੈਸਟ ਐਕਟਰ ਪਰਮਿੰਦਰ ਕੌਰ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਜ), ਗੁਰਮਿਸਰਤ ਕੌਰ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ), ਸਤਵੀਰ ਸਿੰਘ (ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਸੋਲਖੀਆਂ ਰੂਪਨਗਰ) ਅਤੇ ਵਾਨਿਕਾ (ਬੀਬੀਐਮਬੀ ਡੀਏਵੀ ਪਬਲਿਕ ਸਕੂਲ ਨੰਗਲ ਟਾਊਨਸ਼ਿਪ) ਰਹੇ। ਇਸ ਮੌਕੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ, ਏਡੀਸੀ ਚੰਦਰਜਯੋਤੀ ਸਿੰਘ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਹਰਮਿੰਦਰ ਸਿੰਘ ਢਾਹੇ, ਸੈਣੀ ਵੈੱਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਰਾਮ ਕੁਮਾਰ ਮੁਕਾਰੀ, ‘ਯੁੱਧ ਨਸ਼ਿਆਂ ਵਿਰੁੱਧ’ ਦੇ ਜ਼ਿਲ੍ਹਾ ਕੋਆਰਡਨੇਟਰ ਹਰਪ੍ਰੀਤ ਸਿੰਘ ਕਾਹਲੋਂ, ਹਲਕਾ ਰੂਪਨਗਰ ਤੋਂ ਕੋਆਰਡੀਨੇਟਰ ਅਵਤਾਰ ਸਿੰਘ ਕੁੰਨਰ, ਹਲਕਾ ਸ੍ਰੀ ਚਮਕੌਰ ਸਾਹਿਬ ਦੇ ਕੋਆਰਡੀਨੇਟਰ ਪ੍ਰਸ਼ੋਤਮ ਸਿੰਘ ਮਾਹਲ ਆਦਿ ਹਾਜ਼ਰ ਸਨ।