ਗਮਾਡਾ ਦੇ ਕੈਂਪ ਦੌਰਾਨ 45 ਮਨਜ਼ੂਰੀ ਸਰਟੀਫ਼ਿਕੇਟ ਜਾਰੀ
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ ਨੇ ਅੱਜ ਪ੍ਰਮੋਟਰਾਂ/ ਬਿਲਡਰਾਂ ਅਤੇ ਹੋਰ ਸਟੋਕਹੋਲਡਰਾਂ ਵੱਲੋਂ ਦਿੱਤੀਆਂ ਅਰਜੀਆਂ ਦੀਆਂ ਮਨਜ਼ੂਰੀਆਂ ਜਾਰੀ ਕਰਨ ਲਈ ਇੱਕ ਕੈਂਪ ਲਗਾਇਆ। ਪੁੱਡਾ ਭਵਨ ਵਿੱਚ ਲਗਾਏ ਗਏ ਇਸ ਕੈਂਪ ਵਿੱਚ 45 ਕਲੀਅਰੈਂਸ ਸਰਟੀਫਿਕੇਟ ਜਾਰੀ ਕੀਤੇ ਗਏ।
ਕੈਂਪ ਦੀ ਪ੍ਰਧਾਨਗੀ ਕਰਦਿਆਂ, ਗਮਾਡਾ ਦੇ ਮੁੱਖ ਪ੍ਰਸ਼ਾਸਕ ਵਿਸ਼ੇਸ਼ ਸਾਰੰਗਲ ਨੇ 45 ਬਿਨੈਕਾਰਾਂ ਨੂੰ ਲੈਟਰ ਆਫ ਇੰਟੈਂਟ, ਕੰਪਲੀਸ਼ਨ ਸਰਟੀਫਿਕੇਟ, ਆਰਕੀਟੈਕਚਰਲ ਕੰਟਰੋਲ, ਬਿਲਡਿੰਗ ਪਲਾਨ, ਪ੍ਰਮੋਟਰ ਰਜਿਸਟ੍ਰੇਸਨ ਸਰਟੀਫਿਕੇਟ, ਜੋਨਿੰਗ ਪਲਾਨ ਆਦਿ ਸੌਂਪੇ। ਇਸ ਮੌਕੇ ਵੱਖ-ਵੱਖ ਪ੍ਰਾਜੈਕਟਾਂ ਦੇ ਵਸਨੀਕਾਂ ਨੇ ਆਪਣੀਆਂ ਸਮੱਸਿਆਵਾਂ ਵੀ ਮੁੱਖ ਪ੍ਰਸਾਸ਼ਕ ਦੇ ਧਿਆਨ ਵਿਚ ਲਿਆਂਦੀਆਂ।
ਸ੍ਰੀ ਸਾਰੰਗਲ ਨੇ ਕਈਂ ਮਾਮਲਿਆਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਅਤੇ ਬਾਕੀ ਰਹਿੰਦੀਆਂ ਸ਼ਿਕਾਇਤਾਂ ਦੇ ਹੱਲ ਲਈ ਜਲਦੀ ਹੀ ਅਗਲੇਰੀ ਕਾਰਵਾਈ ਦਾ ਭਰੋਸਾ ਦਿੱਤਾ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਨ੍ਹਾਂ ਮਾਮਲਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਤਾਂ ਜੋ ਵਸਨੀਕਾਂ ਦੁਆਰਾ ਧਿਆਨ ਵਿੱਚ ਲਿਆਂਦੀਆਂ ਗਈਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਸਕੇ।
ਮੁੱਖ ਪ੍ਰਸ਼ਾਸਕ ਨੇ ਭਰੋਸਾ ਦਿਵਾਇਆ ਕਿ ਗਮਾਡਾ ਕੋਲ ਆਉਂਦੀਆਂ ਦਰਖਾਸਿਤਾਂ ਭਾਵੇਂ ਉਹ ਲੋਕਾਂ ਦੀਆਂ, ਪ੍ਰਮੋਟਰਾਂ ਅਤੇ ਡਿਵੈਲਪਰਾਂ ਦੀਆਂ, ਕਿਸੇ ਦੀਆਂ ਵੀ ਹੋਣ, ਦਾ ਸਮੇਂ ਸਿਰ ਨਿਪਟਾਰਾ ਕਰਨ ਲਈ ਅਥਾਰਟੀ ਵਚਨਬੱਧ ਹੈ ਅਤੇ ਇਹ ਯਕੀਨੀ ਬਣਾਉਣ ਲਈ, ਕਿ ਕੇਸ ਜ਼ਿਆਦਾ ਦੇਰ ਤੱਕ ਪੈਂਡਿੰਗ ਨਾ ਰਹਿਣ ਸਟਾਫ਼ ਦੇ ਕੰਮ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਮੌਕੇ ਮਨਜ਼ੂਰੀਆਂ ਹਾਸਿਲ ਕਰਨ ਵਾਲੇ ਵਿਅਕਤੀਆਂ ਨੇ ਗਮਾਡਾ ਦੇ ਕੈਂਪ ਲਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ।
ਕੈਂਪ ਵਿੱਚ ਵਧੀਕ ਮੁੱਖ ਪ੍ਰਸ਼ਾਸਕ ਗਮਾਡਾ ਅਮਰਿੰਦਰ ਸਿੰਘ ਮੱਲੀ, ਅਸਟੇਟ ਅਫ਼ਸਰ ਪਲਾਟ ਅਤੇ ਹਾਊਸਿੰਗ ਰਵਿੰਦਰ ਸਿੰਘ, ਅਸਟੇਟ ਅਫ਼ਸਰ ਪਾਲਿਸੀ ਤੇ ਪਲਾਨਿੰਗ ਵਿੰਗ ਜਸਵਿੰਦਰ ਸਿੰਘ ਕਾਹਲੋਂ, ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।