ਵੱਡੇ ਪੱਧਰ ’ਤੇ ਮਨਾਇਆ ਜਾਵੇਗਾ 350ਵਾਂ ਸ਼ਹੀਦੀ ਪੁਰਬ: ਬੈਂਸ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਦੀ 350 ਸਾਲਾ ਸ਼ਤਾਬਦੀ ਪੰਜਾਬ ਸਰਕਾਰ ਵੱਲੋਂ 19 ਤੋਂ 25 ਨਵੰਬਰ ਤੱਕ ਵੱਡੇ ਪੱਧਰ ’ਤੇ ਮਨਾਈ ਜਾਵੇਗੀ। ਇਸ ਸਬੰਧੀ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਵਿੱਚ ਵੀ ਵੱਡੇ ਪ੍ਰੋਗਰਾਮ ਕਰਵਾਏ ਜਾਣਗੇ। ਸ੍ਰੀ ਕੀਰਤਪੁਰ ਸਾਹਿਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਜੋਤ ਬੈਂਸ ਨੇ ਕਿਹਾ ਕਿ ਸਰਕਾਰ ਵੱਲੋਂ 19 ਤੋਂ 25 ਨਵੰਬਰ ਤੱਕ ਕਰਵਾਏ ਜਾਣ ਵਾਲੇ ਸ਼ਹੀਦੀ ਸਮਾਗਮਾਂ ਸਬੰਧੀ ਸ੍ਰੀ ਕੀਰਤਪੁਰ ਸਾਹਿਬ ਵਿੱਚ ਵੀ ਸਮਾਗਮ ਕਰਵਾਇਆ ਜਾਵੇਗਾ, ਜਿਸ ਦੀ ਮਿਤੀ ਆਉਣ ਵਾਲੇ ਦਿਨਾਂ ਵਿੱਚ ਨਿਰਧਾਰਤ ਕਰ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਰਵਾਏ ਜਾਣੇ ਸਮਾਗਮਾਂ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਬੈਂਸ ਨੇ ਕਿਹਾ ਕਿ ਇਸ ਇਲਾਕੇ ਵਿੱਚ ਇੱਕ ਸਰਕਾਰੀ ਕਾਲਜ ਖੋਲ੍ਹਣ ਦੀ ਤਜਵੀਜ਼ ਹੈ। ਉਨ੍ਹਾਂ ਦੱਸਿਆ ਕਿ ਕਾਲਜ ਬਣਾਉਣ ਲਈ ਢੁਕਵੀਂ ਥਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।
ਬੈਂਸ ਵੱਲੋਂ ਗੁਰਦੁਆਰਾ ਸੀਸ ਗੰਜ ਤੋਂ ਸਵੱਛਤਾ ਮੁਹਿੰਮ ਦੀ ਸ਼ੁਰੂਆਤ
ਸ੍ਰੀ ਆਨੰਦਪੁਰ ਸਾਹਿਬ (ਪੱਤਰ ਪ੍ਰੇਰਕ): ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਸਿੱਖਿਆ ਨੇ ਅੱਜ ਗੁਰਦੁਆਰਾ ਸੀਸ ਗੰਜ ਸਾਹਿਬ ਵਿੱਚ ਅਰਦਾਸ ਕਰਨ ਉਪਰੰਤ ਸ਼ੁਰੂ ਕੀਤੀ ਸਫਾਈ ਮੁਹਿੰਮ ਦੌਰਾਨ ਸਥਾਨਕ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ ਤੋਂ ਪਹਿਲਾ ਸ਼ਹਿਰ ਦਾ ਕੋਨਾ-ਕੋਨਾ ਲਿਸ਼ਕਾਇਆ ਜਾਵੇਗਾ। ਅੱਜ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੰਗੇ ਪੈਰ ਗੁਰੂ ਨਗਰੀ ਦੇ ਸੜਕਾਂ, ਬਜ਼ਾਰਾ ਵਿੱਚ ਸਫਾਈ ਸੇਵਾ ਕਰ ਰਹੇ ਸਨ। ਉਨ੍ਹਾਂ ਦੇ ਨਾਲ ਐਸ.ਡੀ.ਐਮ ਜਸਪ੍ਰੀਤ ਸਿੰਘ, ਨਗਰ ਕੋਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ, ਕੌਂਸਲਰ, ਨਗਰ ਕੌਂਸਲ ਦੇ ਮੁਲਾਜ਼ਮ ਅਤੇ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਵਰਕਰ ਇਸ ਸਫਾਈ ਸੇਵਾ ਵਿੱਚ ਲੱਗੇ ਹੋਏ ਸਨ।