DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰੂਪਨਗਰ ਜ਼ਿਲ੍ਹੇ ’ਚ ਹੜ੍ਹਾਂ ਕਾਰਨ 246 ਪਿੰਡ ਹੋਏ ਪ੍ਰਭਾਵਿਤ

ਪਿੰਡਾਂ ਵਿੱਚ ਵੱਡੀ ਪੱਧਰ ’ਤੇ ਫਸਲਾਂ ਤਬਾਹ; ਲੋਕਾਂ ਨੂੰ ਪਸ਼ੂਆਂ ਲਈ ਹਰੇ ਚਾਰੇ ਦੀ ਘਾਟ ਮਹਿਸੂਸ ਹੋਣ ਲੱਗੀ
  • fb
  • twitter
  • whatsapp
  • whatsapp
featured-img featured-img
ਹੜ੍ਹ ਦੀ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਵਿਧਾਇਕ ਲਖਵੀਰ ਸਿੰਘ ਰਾਏ। -ਫੋਟੋ: ਸੂਦ
Advertisement

ਪੱਤਰ ਪ੍ਰੇਰਕ

ਰੂਪਨਗਰ, 18 ਜੁਲਾਈ

Advertisement

ਰੂਪਨਗਰ ਜ਼ਿਲ੍ਹੇ ਅੰਦਰ ਹੜ੍ਹਾਂ ਅਤੇ ਸੇਮ ਕਾਰਨ ਹੋਏ ਨੁਕਸਾਨ ਸਬੰਧੀ ਜ਼ਿਲ੍ਹਾ ਰੂਪਨਗਰ ਪ੍ਰਸ਼ਾਸਨ ਦੀਆਂ ਟੀਮਾਂ ਨੇ ਮੁਲਾਂਕਣ ਕਰਨਾ ਸ਼ੁਰੂ ਕਰ ਦਿੱਤਾ ਹੈ। ਖੇਤੀਬਾੜੀ ਵਿਭਾਗ ਵੱਲੋਂ ਕੀਤੇ ਗਏ ਮੁੱਢਲੇ ਸਰਵੇਖਣ ਅਨੁਸਾਰ ਜ਼ਿਲ੍ਹੇ ਅੰਦਰ ਹੜ੍ਹਾਂ ਤੇ ਸੇਮ ਕਾਰਨ ਫਸਲਾਂ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ ਤੇ ਵਿਭਾਗੀ ਰਿਪੋਰਟ ਮੁਤਾਬਿਕ ਜ਼ਿਲ੍ਹੇ ਦੇ 246 ਪਿੰਡ ਹੜ੍ਹ ਦਾ ਪਾਣੀ ਭਰ ਜਾਣ ਕਾਰਨ ਨੁਕਸਾਨੇ ਗਏ ਹਨ। ਪੇਂਡੂ ਇਲਾਕਿਆਂ ਤੇ ਰਿਹਾਇਸ਼ੀ ਖੇਤਰ ਵਿੱਚ ਪਾਣੀ ਨੇ ਵੱਡੇ ਪੱਧਰ ਤੇ ਲੋਕਾਂ ਦਾ ਮਾਲੀ ਨੁਕਸਾਨ ਕੀਤਾ ਹੈ, ਪਰ ਵੱਡੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਜ਼ਿਲ੍ਹੇ ਅੰਦਰ 7195 ਏਕੜ ਝੋਨਾ, 3170 ਏਕੜ ਮੱਕੀ, 1588 ਏਕੜ ਹਰਾ ਚਾਰਾ, 20 ਏਕੜ ਗੰਨਾ ਤੇ 37 ਏਕੜ ਮੂੰਗੀ ਤੇ ਮਾਂਹ ਦੀਆਂ ਫਸਲਾਂ ਦਾ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਖੇਤਾਂ ਵਿੱਚ ਸੇਮ ਕਾਰਨ ਹੋਏ ਨੁਕਸਾਨ ਦਾ ਸਹੀ ਮੁਲਾਂਕਣ ਖੇਤਾਂ ਵਿੱਚੋਂ ਪਾਣੀ ਨਿਕਲਣ ਤੋਂ ਬਾਅਦ ਹੀ ਪਤਾ ਲੱਗੇਗਾ।

 ਟਰਾਂਸਪੋਰਟ ਕੰਪਨੀ ਵੱਲੋਂ ਪਸ਼ੂਆਂ ਲਈ ਵਿਸ਼ੇਸ਼ ਆਚਾਰ ਦੀਆਂ ਭਰੀਆਂ ਟਰਾਲੀਆਂ। -ਫੋਟੋ: ਜਗਮੋਹਨ ਸਿੰਘ
ਟਰਾਂਸਪੋਰਟ ਕੰਪਨੀ ਵੱਲੋਂ ਪਸ਼ੂਆਂ ਲਈ ਵਿਸ਼ੇਸ਼ ਆਚਾਰ ਦੀਆਂ ਭਰੀਆਂ ਟਰਾਲੀਆਂ। -ਫੋਟੋ: ਜਗਮੋਹਨ ਸਿੰਘ

ਇਸ ਸਬੰਧੀ ਸੰਪਰਕ ਕੀਤੇ ਜਾਣ ਤੇ ਖੇਤੀਬਾੜੀ ਅਫਸਰ ਰੂਪਨਗਰ ਡਾ. ਗੁਰਬਚਨ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਫਸਲਾਂ ਦੇ ਨੁਕਸਾਨ ਦਾ ਤੇਜ਼ੀ ਨਾਲ ਮੁਲਾਂਕਣ ਕੀਤਾ ਜਾ ਰਿਹਾ ਹੈ ਤੇ ਇਸ ਸਬੰਧੀ ਬੁੱਧਵਾਰ ਨੂੰ ਜ਼ਿਲ੍ਹੇ ਦੇ ਸਮੂਹ ਖੇਤੀਬਾੜੀ ਅਧਿਕਾਰੀਆਂ ਦੀ ਮੀਟਿੰਗ ਸੱਦੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਹੋਏ ਨੁਕਸਾਨ ਦੀ ਪੂਰੀ ਰਿਪੋਰਟ ਤਿਆਰ ਕਰਕੇ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਸੌਂਪ ਦਿੱਤੀ ਜਾਵੇਗੀ। ਇਸੇ ਦੌਰਾਨ ਰੂਪਨਗਰ ਜ਼ਿਲ੍ਹੇ ਦੀ ਨਿਊ ਗੁਰੂ ਰਾਖਾ ਟਰਾਂਸਪੋਰਟ ਕੰਪਨੀ ਘਨੌਲੀ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਪਸ਼ੂ ਪਾਲਕਾਂ ਲਈ ਹਰੇ ਚਾਰੇ ਅਤੇ ਆਚਾਰ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਹੈ। ਐੱਨ.ਜੀ.ਆਰ. ਕੰਪਨੀ ਵੱਲੋਂ ਅੱਜ ਪਸ਼ੂਆਂ ਲਈ ਆਚਾਰ ਦੀਆਂ ਤਿੰਨ ਟਰਾਲੀਆਂ ਭੇਜੀਆਂ ਗਈਆਂ। ਕੰਪਨੀ ਦੇ ਐੱਮ.ਡੀ. ਸੁਰਿੰਦਰ ਸਿੰਘ ਨੇ ਦੱਸਿਆ ਕਿ ਲੋੜਵੰਦ ਪਸ਼ੂ ਪਾਲਕ ਉਨ੍ਹਾਂ ਦੀ ਕੰਪਨੀ ਨਾਲ ਸੰਪਰਕ ਕਰ ਸਕਦੇ ਹਨ।

ਫਤਹਿਗੜ੍ਹ ਸਾਹਬਿ (ਨਿੱਜੀ ਪੱਤਰ ਪ੍ਰੇਰਕ): ਹਲਕਾ ਫਤਹਿਗੜ੍ਹ ਸਾਹਬਿ ਦੇ ਵਿਧਾਇਕ ਐਡ. ਲਖਵੀਰ ਸਿੰਘ ਰਾਏ ਨੇ ਹਲਕੇ ਦੇ ਪਿੰਡ ਡੇਰਾ ਮੀਰ ਮੀਰਾਂ, ਸ਼ਹਿਜ਼ਾਦਪੁਰ, ਹਰਲਾਲਪੁਰ, ਮਾਜਰੀ ਅਜ਼ੀਮ, ਖਾਨਪੁਰ ਅਤੇ ਜੰਡਾਲੀ ਆਦਿ ਪਿੰਡਾਂ ਦਾ ਦੌਰਾ ਕਰਕੇ ਪਾਣੀ ਨਾਲ ਨੁਕਸਾਨੀਆਂ ਫਸਲਾਂ ਦਾ ਜਾਇਜ਼ਾ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਆਏ ਹੜ੍ਹਾਂ ਨੇ ਲੋਕਾਂ ਦਾ ਬਹੁਤ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਦਿਨ ਰਾਤ ਇੱਕ ਕਰਕੇ ਕੰਮ ਕਰ ਰਹੀ ਹੈ ਅਤੇ ਲੋਕਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਹੜ੍ਹ ਦੇ ਪਾਣੀ ਕਾਰਨ ਸਹਿਕਾਰੀ ਬੈਂਕ ’ਚ ਫਰਨੀਚਰ ਤੇ ਰਿਕਾਰਡ ਨੁਕਸਾਨੇ

ਕੇਂਦਰੀ ਸਹਿਕਾਰੀ ਬੈਂਕ ਵਿਚ ਪਾਣੀ ਨਾਲ ਖਰਾਬ ਹੋਇਆ ਸਮਾਨ। -ਫੋਟੋ: ਸੂਦ
ਕੇਂਦਰੀ ਸਹਿਕਾਰੀ ਬੈਂਕ ਵਿਚ ਪਾਣੀ ਨਾਲ ਖਰਾਬ ਹੋਇਆ ਸਮਾਨ। -ਫੋਟੋ: ਸੂਦ

ਫਤਹਿਗੜ੍ਹ ਸਾਹਬਿ (ਨਿੱਜੀ ਪੱਤਰ ਪ੍ਰੇਰਕ): ਬੀਤੇ ਦਿਨ ਬਰਸਾਤ ਕਾਰਨ ਸਰਹਿੰਦ-ਫ਼ਤਹਿਗੜ੍ਹ ਸਾਹਬਿ ਵਿਚ ਆਏ ਹੜ੍ਹ ਕਾਰਨ ਜੋਤੀ ਸਰੂਪ ਮੋੜ ’ਤੇ ਸਥਿਤ ਸਹਿਕਾਰਤਾ ਭਵਨ ਵਿਚ ਕੇਂਦਰੀ ਸਹਿਕਾਰੀ ਬੈਂਕ ਸਰਹਿੰਦ ਦੇ ਮੁੱਖ ਦਫਤਰ ਵਿਚ ਬੈਂਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀ ਸੂਚਨਾ ਮਿਲੀ ਹੈ। ਕੇਂਦਰੀ ਸਹਿਕਾਰੀ ਬੈਂਕ ਦੇ ਜ਼ਿਲ੍ਹਾ ਮੈਨੇਜਰ ਰਾਜੇਸ਼ ਸਿੰਗਲਾ ਨੇ ਦੱਸਿਆ ਕਿ ਸਹਿਕਾਰਤਾ ਭਵਨ ਦੀ ਦੀਵਾਰ ਟੁੱਟ ਜਾਣ ਕਾਰਨ ਬੈਂਕ ਦੇ ਮੁੱਖ ਦਫਤਰ ਵਿਚ 3 ਫੁੱਟ ਦੇ ਕਰੀਬ ਪਾਣੀ ਭਰ ਗਿਆ, ਜਿਸ ਕਾਰਨ ਬੈਂਕ ਦਾ ਫਰਨੀਚਰ, ਕੰਪਿਊਟਰ ਅਤੇ ਉੱਚ ਅਧਿਕਾਰੀਆਂ (ਐੱਮਡੀ., ਚੇਅਰਮੈਨ, ਡੀਐੱਮ, ਸੀਨੀਅਰ ਮੈਨੇਜਰ, ਸਟਾਕ ਰੂਮ) ਦੇ ਕਮਰਿਆਂ ਵਿੱਚ ਕੀਤੀ ਪਾਰਟੀਸ਼ਨ ਅਤੇ ਰਿਕਾਰਡ ਆਦਿ ਨੂੰ ਨੁਕਸਾਨ ਪਹੁੰਚਿਆ। ਇਸ ਤੋਂ ਇਲਾਵਾ ਸਟੇਸ਼ਨਰੀ, ਚੈੱਕ ਬੁੱਕਾਂ, ਟਰਮ ਡਿਪਾਜਿਟ, ਬੁੱਕਾਂ, ਪੁਰਾਣਾ ਖਰੀਦ ਰਿਕਾਰਡ, ਮੁਲਾਜ਼ਮਾਂ ਨਾਲ ਸਬੰਧਿਤ ਸਰਵਿਸ ਰਿਕਾਰਡ, ਕਮੇਟੀਆਂ ਦੀ ਕਾਰਵਾਈ ਦੀਆਂ ਕਿਤਾਬਾਂ ਤੇ ਡਰਾਫਟ ਆਦਿ ਵੀ ਖਰਾਬ ਹੋ ਗਏ।

ਨੌਧੇਮਾਜਰਾ ’ਚ ਬੰਦ ਪਈ ਚੋਈ ਦੀ ਸਫ਼ਾਈ ਕਰਵਾਈ

ਪਿੰਡ ਨੌਧੇ ਮਾਜਰਾ ਦੀ ਬੰਦ ਚੋਈ ਨੂੰ ਖੁੱਲ੍ਹਵਾਉਣ ਮੌਕੇ ਕਨਵੀਨਰ ਰਾਣਾ ਤੇ ਹੋਰ। -ਫੋਟੋ: ਰੈਤ

ਨੂਰਪੁਰ ਬੇਦੀ (ਪੱਤਰ ਪ੍ਰੇਰਕ): ਪਿੰਡ ਨੌਧੇਮਾਜਰਾ ਲਾਗੇ ਗਰੇਵਾਲ ਵਾਲਮੀਕਿ ਬਸਤੀ ਦੀ ਭਾਰੀ ਬਰਸਾਤ ਤੇ ਹੜ੍ਹ ਕਾਰਨ ਢਿੱਗਾਂ ਡਿੱਗਣ ਕਰਕੇ ਬੰਦ ਪਈ ਚੋਈ ਨੂੰ ਅੱਜ ਪੰਜਾਬ ਮੋਰਚਾ ਦੀ ਟੀਮ ਵੱਲੋਂ ਪੰਜ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਖੁੱਲਵਾ ਦਿੱਤਾ ਗਿਆ। ਪੀੜਤ ਲੋਕਾਂ ਵੱਲੋਂ ਵਾਰ-ਵਾਰ ਗੁਹਾਰ ਲਗਾਉਣ ਦੇ ਬਾਵਜੂਦ ਵਿਭਾਗ ਵੱਲੋਂ ਧਿਆਨ ਨਾ ਦੇਣ ਦੇ ਚੱਲਦਿਆਂ, ਅੱਜ ਪੰਜਾਬ ਮੋਰਚਾ ਦੀ ਟੀਮ ਨੇ ਸੂਬਾ ਕਨਵੀਨਰ ਗੌਰਵ ਰਾਣਾ ਦੀ ਅਗਵਾਈ ਵਿਚ ਸਥਾਨਕ ਪਿੰਡ ਵਾਸੀਆਂ ਪਿੰਡ ਦੀ ਪੰਚਾਇਤ ਤੇ ਏਰੀਆ ਦੇ ਮੋਤਬਰ ਆਗੂਆ ਨੂੰ ਨਾਲ ਲੈ ਕੇ ਮਸ਼ੀਨਾਂ ਤੇ ਨੌਜਵਾਨਾਂ ਦੀ ਮਿਹਨਤ ਸਦਕਾ ਚੋਈ ਨੂੰ ਖੁੱਲਵਾ ਦਿੱਤਾ। ਆਗੂ ਗੌਰਵ ਰਾਣਾ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਅੱਜ ਇਹ ਪੁਲੀ ਨੂੰ ਖੁੱਲ੍ਹਵਾ ਦਿੱਤਾ ਹੈ ਤਾਂ ਜੋ ਫਿਰ ਮੀਂਹ ਪੈਣ ’ਤੇ ਲੋਕਾਂ ਦਾ ਨੁਸਕਾਨ ਨਾ ਹੋਵੇ। ਰਾਣਾ ਨੇ ਕਿਹਾ ਕਿ ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਪਿੰਡ ਦੇ ਕਰੀਬ ਇੱਕ ਕਿਲੋਮੀਟਰ ਉੱਪਰ ਵੱਲ ਇੱਕ ਪੁਰਾਣਾ ਡੈਮ ਬੰਨ੍ਹਿਆ ਹੋਇਆ ਹੈ ਜਿਸ ਦੀ ਹਾਲਤ ਜ਼ਿਆਦਾ ਚੰਗੀ ਨਹੀਂ ਹੈ। ਭਾਰੀ ਬਰਸਾਤ ਨਾਲ ਇਸ ਡੈਮ ਨੂੰ ਖ਼ਤਰਾ ਪੈਦਾ ਹੋ ਜਾਂਦਾ ਹੈ।

ਯੂਰੀਆ ਖਾਦ ਦੀ ਘਾਟ; ਡੀਲਰਾਂ ਨੇ ਕਿਸਾਨਾਂ ਦੀ ਮਜਬੂਰੀ ਦਾ ਫਾਇਦਾ ਚੁੱਕਦਿਆਂ ਯੂਰੀਆ ਨਾਲ ਨੈਨੋ ਖਾਦ ਦੇਣੀ ਸ਼ੁਰੂ ਕੀਤੀ

ਮੋਰਿੰਡਾ ( ਪੱਤਰ ਪ੍ਰੇਰਕ): ਮੋਰਿੰਡਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਯੂਰੀਆ ਖਾਦ ਦੀ ਘਾਟ ਕਰਨ ਕਿਸਾਨਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਯੂਰੀਆ ਡੀਲਰਾਂ ਵਲੋਂ ਜ਼ਿਆਦਾ ਮੰਗ ਦਾ ਫਾਇਦਾ ਉਠਾਉਂਦਿਆਂ ਕਿਸਾਨਾਂ ਨੂੰ ਜਬਰਦਸਤੀ ਯੂਰੀਆ ਦੇ ਥੈਲੇ ਨਾਲ ਨੈਨੋ ਖਾਦ ਦੇਣੀ ਸ਼ੁਰੂ ਕਰ ਦਿੱਤੀ ਹੈ। ਬੀਕੇਯੂ ਰਾਜੇਵਾਲ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਚਲਾਕੀ, ਰਣਧੀਰ ਸਿੰਘ ਚੱਕਲ ਜ਼ਿਲਾ ਪ੍ਰਧਾਨ, ਸੁਖਦੀਪ ਸਿੰਘ ਭੰਗੂ, ਹਰਬੰਸ ਸਿੰਘ ਦਤਾਰਪੁਰ ਨੇ ਦੱਸਿਆ ਕਿ ਕਿਸਾਨ ਪਹਿਲਾਂ ਹੀ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਚਾਰੇ ਤੇ ਫਸਲਾਂ ਬਰਬਾਦ ਹੋ ਗਈਆਂ ਹਨ, ਉਲਟਾ ਸਹਿਕਾਰੀ ਸਭਾਵਾਂ ਵਲੋਂ ਮਦਦ ਕਰਨ ਦੀ ਥਾਂ ਯੂਰੀਆ ਦੇ ਨਾਲ ਜਬਰਦਸਤੀ ਨੈਨੋ ਖਾਦ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਨੈਨੋ ਖਾਦ ਦਾ ਫਸਲਾਂ ਨੂੰ ਕੋਈ ਲਾਭ ਨਹੀਂ ਹੁੰਦਾ ਬਲਕਿ ਸਿਰਫ ਪੈਸਿਆਂ ਅਤੇ ਲੇਬਰ ਦੀ ਬਰਬਾਦੀ ਹੀ ਹੁੰਦੀ ਹੈ। ਇਸੇ ਦੌਰਾਨ ਬਾਗਾਂਵਾਲਾ ਸਹਿਕਾਰੀ ਸਭਾ ਮੋਰਿੰਡਾ ਦੇ ਸਕੱਤਰ ਸਤੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਫਕੋ ਕੰਪਨੀ ਵਲੋਂ 10 ਥੈਲੇ ਯੂਰੀਆ ਨਾਲ ਤਿੰਨ ਬੋਤਲਾਂ ਨੈਨੋ ਖਾਦ ਦੀਆਂ ਬਿੱਲ ਕੱਟ ਕੇ ਆ ਰਹੀਆਂ ਹਨ। ਮਜਬੂਰੀਵੱਸ ਕਿਸਾਨਾਂ ਨੂੰ ਯੂਰੀਆ ਨਾਲ ਨੈਨੋ ਖਾਦ ਦੇਣੀ ਪੈ ਰਹੀ ਹੈ। ਦੂਜੇ ਪਾਸੇ ਇਫਕੋ ਕੰਪਨੀ ਦੇ ਏਰੀਆ ਮੈਨੇਜਰ ਸ਼ਾਮ ਸੁੰਦਰ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਹਦਾਇਤ ਆਈ ਹੈ ਕਿ ਯੂਰੀਆ ਖਾਦ ਦਾ ਬਦਲ ਹੌਲੀ-ਹੌਲੀ ਨੈਨੋ ਯੂਰੀਆ ਵਿੱਚ ਕਰ ਦਿੱਤਾ ਜਾਵੇ। ਇਸੇ ਲਈ ਉਨ੍ਹਾਂ ਵੱਲੋਂ ਸਹਿਕਾਰੀ ਸਭਾਵਾਂ ਵਿੱਚ ਨੈਨੋ ਯੂਰੀਆ ਭੇਜੀ ਜਾ ਰਹੀ ਹੈ।

Advertisement
×