ਪੰਚਕੂਲਾ ਵਿੱਚ ਫੂਕਿਆ ਜਾਵੇਗਾ 180 ਫੁੱਟਾ ਰਾਵਣ
ਚੰਡੀਗੜ੍ਹ ਵਿੱਚ 75 ਥਾਵਾਂ ’ਤੇ ਸਾੜੇ ਜਾਣਗੇ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲੇ
ਟਰਾਈਸਿਟੀ ਵਿੱਚ ਵੀਰਵਾਰ ਨੂੰ ‘ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ’ ਦਸਹਿਰਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਚੰਡੀਗੜ੍ਹ ਵਿੱਚ 75 ਥਾਵਾਂ ’ਤੇ ਦਸਹਿਰੇ ਦਾ ਤਿਉਹਾਰ ਮਨਾਇਆ ਜਾਵੇਗਾ ਅਤੇ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲੇ ਸਾੜੇ ਜਾਣਗੇ। ਪੰਚਕੂਲਾ ਸਥਿਤ ਸ਼ਾਲੀਮਾਰ ਗਰਾਊਂਡ ਵਿੱਚ ਸਭ ਤੋਂ ਉੱਚਾ 180 ਫੁੱਟ ਦਾ ਰਾਵਣ ਫੂਕਿਆ ਜਾਵੇਗਾ, ਜਦੋਂਕਿ ਕੁੰਭਕਰਨ ਅਤੇ ਮੇਘਨਾਦ ਦੇ 100-100 ਫੁੱਟ ਦੇ ਪੁਤਲੇ ਤਿਆਰ ਕੀਤੇ ਗਏ ਹਨ। ਚੰਡੀਗੜ੍ਹ ਦੇ ਸੈਕਟਰ-46 ਵਿਖੇ 101 ਫੁੱਟ ਉੱਚਾ ਰਾਵਣ ਤਿਆਰ ਕੀਤਾ ਗਿਆ ਹੈ। ਇਸੇ ਤਰ੍ਹਾਂ ਮੁਹਾਲੀ ਦੇ ਸੈਕਟਰ-79 ਵਿੱਚ 100 ਫੁੱਟ ਉੱਚਾ ਰਾਵਣ ਦਾ ਪੁਤਲਾ ਤਿਆਰ ਕੀਤਾ ਗਿਆ ਹੈ। ਇਸੇ ਤਰ੍ਹਾਂ ਚੰਡੀਗੜ੍ਹ ਵਿੱਚ ਮੁੱਖ ਤੌਰ ’ਤੇ ਸੈਕਟਰ-46 ਗਰਾਊਂਡ, ਸੈਕਟਰ-17 ਪਰੇਡ ਗਰਾਊਂਡ, ਸੈਕਟਰ-48, ਸੈਕਟਰ-48, 49, 42, 37, 30, 7, 22, 20, 29, 34, ਰਾਮ ਦਰਬਾਰ, ਡੱਡੂਮਾਜਰਾ, ਧਨਾਸ ਅਤੇ ਬਾਪੂ ਧਾਮ ਕਲੋਨੀ ਸਣੇ ਸ਼ਹਿਰ ਵਿੱਚ ਹੋਰ ਕਈ ਥਾਵਾਂ ’ਤੇ ਦਸਹਿਰਾ ਮਨਾਇਆ ਜਾਵੇਗਾ। ਇਸ ਵਾਰ ਸ਼ਹਿਰ ਵਿੱਚ ਸਭ ਤੋਂ ਉੱਚਾ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲੇ ਸੈਕਟਰ-46 ਵਿਖੇ ਤਿਆਰ ਕੀਤੇ ਗਏ ਹਨ। ਜਿੱਥੇ 101 ਫੁੱਟ ਉੱਚੇ ਰਾਵਣ ਦੇ ਪੁਤਲੇ ਨੂੰ ਸਾੜਿਆ ਜਾਵੇਗਾ। ਇਸੇ ਤਰ੍ਹਾਂ ਕੁੰਭਕਰਨ ਦਾ 80 ਅਤੇ ਮੇਘਨਾਦ ਦਾ 70 ਫੁੱਟ ਦਾ ਪੁਤਲਾ ਤਿਆਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੈਕਟਰ-46 ਗਰਾਊਂਡ ਵਿੱਚ ਤਿੰਨਾਂ ਪੁਤਲਿਆਂ ਦੇ ਆਲੇ-ਦੁਆਲੇ ਸੋਨੇ ਦੀ ਲੰਕਾ ਵੀ ਤਿਆਰ ਕੀਤੀ ਗਈ ਹੈ। ਸੈਕਟਰ-46 ਵਿਖੇ ਦਸਹਿਰੇ ਦਾ ਮੇਲਾ ਲਗਾਉਣ ਵਾਲੀ ਸ੍ਰੀ ਸਨਾਤਨ ਧਰਮ ਦਸਹਿਰਾ ਕਮੇਟੀ ਵੱਲੋਂ ਦਸਹਿਰੇ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਕਮੇਟੀ ਵੱਲੋਂ ਪੁਤਲਿਆਂ ਵਿੱਚ ਹਰੇ ਪਟਾਕੇ ਪਾਏ ਗਏ ਹਨ। ਇਸ ਸਮਾਗਮ ਵਿੱਚ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਲੋਂ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ ਸੈਕਟਰ-17 ਸਥਿਤ ਪਰੇਡ ਗਰਾਊਂਡ ਅਤੇ ਸੈਕਟਰ-34 ਵਿੱਚ 65 ਫੁੱਟ ਦਾ ਰਾਵਣ ਦਾ ਪੁਤਲਾ ਤਿਆਰ ਕੀਤਾ ਗਿਆ ਹੈ। ਚੰਡੀਗੜ੍ਹ ਵਿੱਚ ਦਸਹਿਰੇ ਨੂੰ ਲੈ ਕੇ ਲੋਕਾਂ ਵਿੱਚ ਕਾਫ਼ੀ ਉਤਸ਼ਾਹ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਪੁਲੀਸ ਵੱਲੋਂ ਦਸਹਿਰੇ ਵਾਲੇ ਦਿਨ ਸ਼ਹਿਰ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਪੁਲੀਸ ਵੱਲੋਂ ਸਾਰੀਆਂ ਥਾਵਾਂ ’ਤੇ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਸੀਸੀਟੀਵੀ ਕੈਮਰਿਆਂ ਰਾਹੀਂ ਵੀ ਸੁਰੱਖਿਆ ਪ੍ਰਬੰਧਾਂ ’ਤੇ ਨਜ਼ਰ ਰੱਖੀ ਜਾਵੇਗੀ।
ਟਰੈਫ਼ਿਕ ਪੁਲੀਸ ਵੱਲੋਂ ਐਡਵਾਈਜ਼ਰੀ ਜਾਰੀ
ਚੰਡੀਗੜ੍ਹ ਟਰੈਫ਼ਿਕ ਪੁਲੀਸ ਨੇ ਦਸਹਿਰੇ ਵਾਲੇ ਦਿਨ ਸ਼ਹਿਰ ਦੀਆਂ ਸੜਕਾਂ ’ਤੇ ਲੋਕਾਂ ਦੀ ਭਾਰੀ ਭੀੜ ਦੇ ਮੱਦੇਨਜ਼ਰ ਐਡਵਾਈਜ਼ਰੀ ਜਾਰੀ ਕੀਤੀ ਹੈ। ਪੁਲੀਸ ਨੇ ਕਿਹਾ ਕਿ ਸੈਕਟਰ-17 ਪਰੇਡ ਗਰਾਊਂਡ ਵਿੱਚ ਮੇਲਾ ਵੇਖਣ ਵਾਲੇ ਲੋਕ ਸੈਕਟਰ-22 ਅਤੇ ਸੈਕਟਰ-17 ਬੱਸ ਅੱਡੇ ਦੀ ਪਾਰਕਿੰਗ ਵਿੱਚ ਵਾਹਨ ਖੜ੍ਹੇ ਕਰਨਗੇ। ਦਸਹਿਰਾ ਸਮਾਗਮ ਦੀ ਸਮਾਪਤੀ ਵੇਲੇ ਸੈਕਟਰ 17/18 ਲਾਈਟ ਪੁਆਇੰਟ, ਅਰੋਮਾ ਲਾਈਟ ਪੁਆਇੰਟ, ਸੈਕਟਰ 18/19/20/21 ਚੌਕ ਅਤੇ ਕ੍ਰਿਕਟ ਸਟੇਡੀਅਮ ਚੌਕ ਤੋਂ ਆਉਣ ਵਾਲੀ ਟਰੈਫਿਕ ਨੂੰ ਸ਼ਾਮ 5.30 ਤੋਂ 6.30 ਵਜੇ ਤੱਕ ਡਾਇਵਰਟ ਕਰ ਦਿੱਤਾ ਜਾਵੇਗਾ। ਇਸ ਦੌਰਾਨ ਬੱਸਾਂ ਨੂੰ ਛੱਡ ਕੇ ਬਾਕੀ ਸਾਰੇ ਵਾਹਨਾਂ ਨੂੰ ਇਸ ਰੂਟ ’ਤੇ ਚੱਲਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸੇ ਤਰ੍ਹਾਂ ਸੈਕਟਰ-34 ਵਿੱਚ ਦਸਹਿਰੇ ਦੇ ਤਿਉਹਾਰ ਮੌਕੇ ਸਬਜ਼ੀ ਮੰਡੀ ਗਰਾਊਂਡ ਸੈਕਟਰ-34, ਸ਼ਿਆਮ ਮਾਲ ਪਾਰਕਿੰਗ ਸੈਕਟਰ-34, ਲਾਇਬਰੇਰੀ ਬਿਲਡਿੰਗ ਪਾਰਕਿੰਗ ਸੈਕਟਰ-34, ਕੰਪਲੈਕਸ ਪਾਰਕਿੰਗ ਸੈਕਟਰ-34, ਓਪਨ ਗਰਾਊਂਡ ਸੈਕਟਰ-33 ਡੀ ਮਾਰਕੀਟ ਨੇੜੇ ਵਾਹਨ ਪਾਰਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਸਮਾਗਮ ਦੀ ਸਮਾਪਤੀ ਸਮੇਂ ਸੈਕਟਰ 34/35 ਦੇ ਟਰੈਫਿਕ ਲਾਈਟ ਪੁਆਇੰਟ ਤੋਂ ਫਰਨੀਚਰ ਮਾਰਕੀਟ ਮੋੜ ਤੱਕ ਵਾਹਨਾਂ ਦੀ ਆਵਾਜਾਈ ਸ਼ਾਮ 5.30 ਵਜੇ ਤੋਂ 7 ਵਜੇ ਤੱਕ ਆਮ ਲੋਕਾਂ ਲਈ ਬੰਦ ਰਹੇਗੀ।
ਹਰਜੋਤ ਬੈਂਸ ਵੱਲੋਂ ਦਸਹਿਰੇ ਦੀ ਵਧਾਈ
ਸ੍ਰੀ ਆਨੰਦਪੁਰ ਸਾਹਿਬ: ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਪੰਜਾਬ ਵਾਸੀਆਂ ਨੂੰ ਦਸਹਿਰੇ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਪਵਿੱਤਰ ਨਰਾਤਿਆਂ ਦੌਰਾਨ ਹਰ ਸ਼ਹਿਰ ਕਸਬੇ ਵਿੱਚ ਰਾਮਲੀਲਾ ਦਾ ਮੰਚਨ ਕੀਤਾ ਜਾਂਦਾ ਹੈ। ਕਲਾਕਾਰ ਪੂਰੇ ਧਾਰਮਿਕ ਰੰਗ ਨਾਲ ਮਰਿਆਦਾ ਵਿਚ ਰਾਮਲੀਲਾ ਕਰਦੇ ਹਨ ਅਤੇ ਦਸਮੀ ਵਾਲੇ ਦਿਨ ਦਸਹਿਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ। ਜਿੱਥੋਂ ਸਾਡੇ ਆਉਣ ਵਾਲੇ ਸਮਾਜ ਅਤੇ ਨਵੀ ਪੀੜ੍ਹੀ ਨੂੰ ਸੇਧ ਮਿਲਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਹ ਸਾਰੇ ਤਿਉਹਾਰ ਰਲ-ਮਿਲ ਕੇ ਮਨਾਉਦੇ ਹਾਂ, ਇਹੋ ਸਾਡੀ ਧਾਰਮਿਕ ਇਕਜੁੱਟਤਾ ਹੀ ਸਾਡੇ ਸਮਾਜ ਦੀ ਸੁੰਦਰਤਾ ਹੈ। -ਪੱਤਰ ਪ੍ਰੇਰਕ