ਵਿਦੇਸ਼ ਭੇਜਣ ਨਾਮ ’ਤੇ 17 ਲੱਖ ਰੁਪਏ ਠੱਗੇ
ਚੰਡੀਗੜ੍ਹ: ਚੰਡੀਗੜ੍ਹ ਵਿੱਚ ਵਿਦੇਸ਼ ਭੇਜਣ ਦੇ ਨਾਮ ’ਤੇ ਵੱਖ-ਵੱਖ ਜਣਿਆਂ ਤੋਂ 17 ਲੱਖ ਰੁਪਏ ਦੇ ਕਰੀਬ ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਾਰੇ ਜਾਣਕਾਰੀ ਮਿਲਦੇ ਹੀ ਥਾਣਾ ਸੈਕਟਰ-17 ਦੀ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕੇਸ ਸੰਦੀਪ ਪਾਲ ਵਾਸੀ ਗੁਰਦਾਸਪੁਰ ਤੇ ਹੋਰਨਾਂ ਦੀ ਸ਼ਿਕਾਇਤ ’ਤੇ ਅਨੁਭਵ ਗਰਗ ਦੇ ਖ਼ਿਲਾਫ਼ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਮੁਲਜ਼ਮ ਨੇ ਉਸ ਨੂੰ ਤੇ ਹੋਰ ਕਈ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ 12.23 ਲੱਖ ਰੁਪਏ ਲਏ ਲਏ ਹਨ। ਇਸੇ ਤਰ੍ਹਾਂ ਇਕ ਵੱਖਰੇ ਮਾਮਲੇ ਵਿੱਚ ਸਟੀਫਨ ਵਾਸੀ ਅੰਬਾਲਾ ਨੇ ਥਾਣਾ ਸੈਕਟਰ-17 ਦੀ ਪੁਲੀਸ ਨੂੰ ਸ਼ਿਕਾਇਤ ਕੀਤੀ ਕਿ ਗੁਰਜੋਤ ਸਿੰਘ ਨੇ ਉਸ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ 4.58 ਲੱਖ ਰੁਪਏ ਲੈ ਲਏ ਹਨ। ਪਰ ਬਾਅਦ ਵਿੱਚ ਮੁਲਜ਼ਮ ਨੇ ਨਾ ਤਾਂ ਉਨ੍ਹਾਂ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਨ੍ਹਾਂ ਦੇ ਰੁਪਏ ਵਾਪਸ ਕੀਤੇ। -ਟਨਸ
ਅਫਰੀਕੀ ਨੌਜਵਾਨ ਕੋਕੀਨ ਤੇ ਡਰੱਗ ਮਨੀ ਸਣੇ ਗ੍ਰਿਫ਼ਤਾਰ
ਖਰੜ: ਥਾਣਾ ਸਦਰ ਖਰੜ ਪੁਲੀਸ ਨੇ ਇੱਕ ਅਫਰੀਕੀ ਨੌਜਵਾਨ ਨੂੰ 540 ਗ੍ਰਾਮ ਕੋਕੀਨ ਤੇ 10 ਹਜ਼ਾਰ ਰੁਪਏ ਡਰੱਗ ਮਨੀ ਸਣੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਏਕਜ਼ੋਆ ਵਜੋਂ ਦੱਸੀ ਗਈ ਹੈ ਜੋ ਹੁਣ ਗੋਲਡਨ ਅਸਟੇਟ, ਖੂਨੀਮਾਜਰਾ (ਖਰੜ) ’ਚ ਰਹਿ ਰਿਹਾ ਸੀ। ਪੁਲੀਸ ਅਨੁਸਾਰ ਉਸ ਵਿਰੁੱਧ ਖਰੜ ਸਦਰ ਥਾਣੇ ’ਚ ਐਨਡੀਪੀਐੱਸ ਕਾਨੂੰਨ ਅਧੀਨ ਕੇਸ ਦਰਜ ਕੀਤਾ ਗਿਆ ਹੈ। -ਪੱਤਰ ਪ੍ਰੇਰਕ