ਚੰਡੀਗੜ੍ਹ ਪ੍ਰਸ਼ਾਸਨ ਦੇ ਕਰ ਤੇ ਆਬਕਾਰੀ ਵਿਭਾਗ ਨੇ ਲੰਘੀ ਸ਼ਾਮ ਸ਼ਹਿਰ ਵਿੱਚ ਲਾਇਸੈਂਸ ਫੀਸ ਦਾ ਭੁਗਤਾਨ ਨਾ ਕਰਨ ਵਾਲੇ 17 ਸ਼ਰਾਬ ਦੇ ਠੇਕਿਆਂ ਨੂੰ ਸੀਲ ਕਰ ਦਿੱਤਾ ਹੈ। ਵਿਭਾਗ ਵੱਲੋਂ ਸੀਲ ਕੀਤੇ ਗਏ ਇਨ੍ਹਾਂ ਠੇਕੇਦਾਰਾਂ ਵੱਲ 5 ਕਰੋੜ ਰੁਪਏ ਤੋਂ ਵੱਧ ਦੀ ਲਾਇਸੈਂਸ ਫੀਸ ਬਕਾਇਆ ਹੈ। ਇਸ ਬਾਰੇ ਵਿਭਾਗ ਵੱਲੋਂ ਕਈ ਵਾਰ ਨੋਟਿਸ ਜਾਰੀ ਕੀਤੇ ਗਏ ਹਨ, ਪਰ ਸ਼ਰਾਬ ਠੇਕੇਦਾਰਾਂ ਵੱਲੋਂ ਲਾਇਸੈਂਸ ਫੀਸ ਦਾ ਭੁਗਤਾਨ ਨਹੀਂ ਕੀਤਾ ਗਿਆ। ਵਿਭਾਗ ਵੱਲੋਂ ਸੀਲ ਕੀਤੇ ਸ਼ਰਾਬ ਦੇ ਠੇਕਿਆਂ ਵਿੱਚ ਪਿੰਡ ਮਲੋਆ, ਕਜਹੇੜੀ, ਸੈਕਟਰ-18, ਸੈਕਟਰ-46, ਸੈਕਟਰ-34, ਸੈਕਟਰ-22 ਡੀ, ਸੈਕਟਰ-22 ਏ, ਸੈਕਟਰ-37, ਰੇਲਵੇ ਕਲੋਨੀ ਮਨੀਮਾਜਰਾ ਅਤੇ ਕਾਲਕਾ ਰੋਡ ਮਨੀਮਾਜਰਾ ਵਿਖੇ ਸਥਿਤ ਸ਼ਰਾਬ ਦੇ ਠੇਕੇ ਸ਼ਾਮਲ ਹਨ।
ਯੂਟੀ ਦੇ ਕਰ ਤੇ ਆਬਕਾਰੀ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਸ਼ਰਾਬ ਠੇਕੇਦਾਰਾਂ ਵੱਲੋਂ ਲਾਇਸੈਂਸ ਫੀਸ ਜਮ੍ਹਾਂ ਨਾ ਕਰਵਾਏ ਜਾਣ ਤੱਕ ਇਹ ਸੀਲ ਨਹੀਂ ਖੋਲ੍ਹੀ ਜਾਵੇਗੀ। ਉਨ੍ਹਾਂ ਕਿਹਾ ਕਿ ਲਾਇਸੈਂਸ ਫੀਸ ਜਮ੍ਹਾਂ ਕਰਵਾਉਣਾ ਸ਼ਰਾਬ ਠੇਕੇਦਾਰਾਂ ਦੀ ਪਹਿਲੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਕਈ ਸ਼ਰਾਬ ਠੇਕੇਦਾਰਾਂ ਵੱਲੋਂ ਲਾਇਸੈਂਸ ਫੀਸ ਜਮ੍ਹਾਂ ਨਹੀਂ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਫੀਸ ਨਾ ਦੇਣ ਵਾਲੇ ਠੇਕੇਦਾਰਾਂ ਵਿਰੁੱਧ ਇਸੇ ਤਰ੍ਹਾਂ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ। ਕਰ ਤੇ ਆਬਕਾਰੀ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਕੁਝ ਸ਼ਰਾਬ ਠੇਕੇਦਾਰਾਂ ਵੱਲੋਂ ਸ਼ਰਾਬ ਠੇਕੇ ਨੂੰ ਸੀਲ ਕਰਨ ਸਮੇਂ ਮੌਕੇ ’ਤੇ ਹੀ ਭੁਗਤਾਨ ਕੀਤਾ ਗਿਆ ਹੈ, ਜਿਸ ਕਰਕੇ ਉਨ੍ਹਾਂ ਦੇ ਠੇਕੇ ਨੂੰ ਸੀਲ ਨਹੀਂ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ ਪਿਛਲੇ ਦੋ-ਤਿੰਨ ਸਾਲਾਂ ਤੋਂ ਸ਼ਰਾਬ ਕਾਰੋਬਾਰ ਮੱਠਾ ਚੱਲ ਰਿਹਾ ਹੈ। ਇਸੇ ਕਰਕੇ ਪਹਿਲਾਂ ਚੰਡੀਗੜ੍ਹ ਵਿੱਚ ਸ਼ਰਾਬ ਦੇ ਠੇਕੇ ਖਰੀਦਣ ਦੇ ਚਾਹਵਾਨਾਂ ਦੀ ਗਿਣਤੀ ਘੱਟ ਗਈ ਹੈ, ਹੁਣ ਠੇਕੇ ਖਰੀਦਣ ਵਾਲਿਆਂ ਵੱਲੋਂ ਲਾਈਸੰਸ ਫੀਸ ਦਾ ਭੁਗਤਾਨ ਨਹੀਂ ਕੀਤਾ ਜਾ ਰਿਹਾ ਹੈ।