6000 ਤਨਖਾਹ ਵਾਲੇ 157 ਕੱਚੇ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਵਿੱਢਣ ਦਾ ਐਲਾਨ
ਦਰਸ਼ਨ ਸਿੰੰਘ ਸੋਢੀ
ਮੁਹਾਲੀ, 23 ਨਵੰਬਰ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਦੀ ਆਪ ਸਰਕਾਰ ਵੱਲੋਂ ਜਿੱਥੇ 6000 ਤਨਖ਼ਾਹ ਲੈਣ ਵਾਲੇ ਕੱਚੇ ਤੋਂ ਪੱਕੇ ਕੀਤੇ ਅਧਿਆਪਕਾਂ ਵਿੱਚ ਖੁਸ਼ੀ ਦੀ ਲਹਿਰ ਹੈ, ਉਥੇ ਹੀ 157 ਏਆਈਈ ਅਧਿਆਪਕ ਯੋਗਤਾ ਪੂਰੀਆਂ ਕਰਨ ਦੇ ਬਾਵਜੂਦ ਸਰਕਾਰ ਵੱਲੋਂ ਕੀਤੇ ਜਾ ਰਹੇ ਕਥਿਤ ਮਤਰੇਈ ਮਾਂ ਵਾਲੇ ਸਲੂਕ ਅਤੇ ਵਿਤਕਰੇਬਾਜ਼ੀ ਤੋਂ ਦੁੱਖੀ ਹਨ। ਇਹ ਅਧਿਆਪਕ ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ।
ਅੱਜ ਮੁਹਾਲੀ ਪ੍ਰੈਸ ਕਲੱਬ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਆਪਣੀ ਵਿਥਿਆ ਸੁਣਾਉਂਦਿਆਂ ਜਥੇਬੰਦੀ ਦੇ ਆਗੂ ਹਰਮਨ ਸਿੰਘ ਸੰਗਰੂਰ ਅਤੇ ਸੂਬਾ ਕਨਵੀਨਰ ਤੇਜਿੰਦਰ ਕੌਰ ਪਟਿਆਲਾ ਨੇ ਦੱਸਿਆ ਕਿ ਪਹਿਲੀ ਨਿਯੁਕਤੀ 2009-10 ਵਿੱਚ ਹੋਈ ਸੀ ਅਤੇ ਮਤੇ ਵੀ ਉਨ੍ਹਾਂ ਅਧਿਆਪਕਾਂ ਦੇ ਨਾਲ ਹੀ ਪਏ ਸਨ ਜਿਹੜੇ ਅਧਿਆਪਕਾਂ ਨੂੰ ਅਗਸਤ ਮਹੀਨੇ ਵਿੱਚ ਪੱਕੇ ਕੀਤਾ ਗਿਆ ਹੈ ਪਰ 157 ਅਧਿਆਪਕਾਂ ਅੱਜ ਵੀ ਕੱਚੇ ਹਨ ਅਤੇ ਯੋਗਤਾ ਤੇ ਤਜਰਬਾ ਵੀ ਪੂਰਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਸਰਕਾਰ ਵਿਤਕਰੇਬਾਜ਼ੀ ਬੰਦ ਕਰਕੇ ਤਨਖਾਹ 18000 ਰੁਪਏ ਕੀਤੀ ਜਾਵੇ, ਨਹੀਂ ਤਾਂ 6000 ਵਾਲੇ ਕੱਚੇ ਅਧਿਆਪਕ ਸਰਕਾਰ ਖ਼ਿਲਾਫ਼ 15 ਦਸੰਬਰ ਨੂੰ ਮੋਰਚਾ ਵਿੱਢਣ ਲਈ ਮਜਬੂਰ ਹੋਣਗੇ। ਇਸ ਮੌਕੇ ਮੰਜੂ ਸ਼ਰਮਾ, ਸੀਮਾ ਰਾਣੀ ਬਠਿੰਡਾ, ਰੇਨੂੰ ਗੁਰਦਾਸਪੁਰ, ਸੁਖਬੀਰ ਮਾਨਸਾ, ਤੇਜਿੰਦਰ ਸਿੰਘ ਕਪੂਰਥਲਾ, ਸਾਹਿਬ ਸਿੰਘ ਫਾਜ਼ਿਲਕਾ, ਜਸਬੀਰ ਫਿਰੋਜ਼ਪੁਰ, ਮਹਿੰਦਰਪਾਲ ਫਾਜ਼ਿਲਕਾ, ਕਰਮਜੀਤ ਮੁਕਤਸਰ ਤੇ ਕੁਲਵਿੰਦਰ ਕੌਰ ਰੋਪੜ ਹਾਜ਼ਰ ਸਨ।