ਡੇਰਾਬੱਸੀ ਵਿੱਚ 149 ਨਾਮਜ਼ਦਗੀਆਂ ਦਾਖ਼ਲ
‘ਅਾਪ’, ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੇ 22 ਅਤੇ ਬਸਪਾ ਨੇ ਚਾਰ ਸੀਟਾਂ ’ਤੇ ਭਰੇ ਕਾਗਜ਼
ਸੂਬੇ ਵਿੱਚ ਹੋਣ ਵਾਲੀ ਬਲਾਕ ਸਮਿਤੀ ਚੋਣਾਂ ਲਈ ਅੱਜ 149 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਇਨ੍ਹਾਂ ਵਿੱਚ ‘ਆਪ’, ਕਾਂਗਰਸ, ਸ਼੍ਰੋਮਣੀ ਅਕਾਲੀ ਅਤੇ ਭਾਜਪਾ ਨੇ ਸਾਰੇ 22 ਜ਼ੋਨਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਇਸ ਤੋਂ ਇਲਾਵਾ ਬਸਪਾ ਨੇ ਚਾਰ ਜ਼ੋਨਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ।
ਜਾਣਕਾਰੀ ਅਨੁਸਾਰ ਸਾਰੀ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੇ ਆਗੂਆਂ ਦੀ ਅਗਵਾਈ ਹੇਠ ਵੱਡੇ ਕਾਫ਼ਲੇ ਦੇ ਰੂਪ ਵਿੱਚ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ‘ਆਪ’ ਦੇ ਉਮੀਦਵਾਰ ਨੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਵਿਧਾਇਕ ਐੱਨ ਕੇ ਸ਼ਰਮਾ, ਕਾਂਗਰਸ ਵੱਲੋਂ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਅਤੇ ਭਾਜਪਾ ਵੱਲੋਂ ਸੰਜੀਵ ਖੰਨਾ, ਗੁਰਦਰਸ਼ਨ ਸੈਣੀ ਦੀ ਅਗਵਾਈ ਹੇਠ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਸਾਰੇ ਆਗੂਆਂ ਨੇ ਆਪਣੀ ਜਿੱਤ ਦਾ ਦਾਅਵਾ ਕੀਤਾ।
ਰਿਟਰਨਿੰਗ ਅਫ਼ਸਰ-ਕਮ-ਐੱਸ ਡੀ ਐੱਮ ਡੇਰਾਬੱਸੀ ਅਮਿਤ ਗੁਪਤਾ ਨੇ ਕਿਹਾ ਕਿ ਪੰਜ ਤਰੀਕ ਨੂੰ ਕਾਗਜ਼ਾਂ ਦੀ ਜਾਂਚ ਕੀਤੀ ਜਾਵੇਗੀ ਤੇ ਛੇ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ।
ਪਟਿਆਲਾ ਪੁਲੀਸ ਦੀ ਕਥਿਤ ਲੀਕ ਆਡੀਓ ਦੀ ਚਰਚਾ
ਪਟਿਆਲਾ ਪੁਲੀਸ ਦੀ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਵਿੱਚ ਧੱਕੇਸ਼ਾਹੀ ਸਬੰਧੀ ਕਥਿਤ ਤੌਰ ’ਤੇ ਸੋਸ਼ਲ ਮੀਡੀਆ ’ਤੇ ਲੀਕ ਕਾਲ ਰਿਕਾਰਡਿੰਗ ਸਬੰਧੀ ਅੱਜ ਹਲਕਾ ਡੇਰਾਬੱਸੀ ਵਿੱਚ ਵੱਡੀ ਚਰਚਾ ਬਣੀ ਰਹੀ। ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਸਥਾਨਕ ਲੋਕਾਂ ਨੇ ਕਿਹਾ ਕਿ ਇਸ ਨਾਲ ਸਰਕਾਰ ਦਾ ਚਿਹਰਾ ਬੇਪਰਦ ਹੋ ਗਿਆ ਹੈ। ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜੇ ਸਰਕਾਰਾਂ ਵੱਲੋਂ ਅਜਿਹੀ ਧੱਕੇਸ਼ਾਹੀ ਨਾਲ ਹੀ ਚੋਣਾਂ ਜਿੱਤਣ ਦੀ ਯੋਜਨਾ ਬਣਾਈ ਜਾ ਰਹੀ ਹੈ ਤਾਂ ਲੋਕਾਂ ਨੂੰ ਚੋਣਾਂ ਦੇ ਨਾਂ ’ਤੇ ਗੁਮਰਾਹ ਨੇ ਕੀਤਾ ਜਾਵੇ ਅਤੇ ਸਿੱਧਾ ਹੀ ਜੇਤੂਆਂ ਦਾ ਐਲਾਨ ਕਰ ਦੇਣਾ ਚਾਹੀਦਾ ਹੈ। ਇਸ ਸਬੰਧੀ ਆਪਣੇ ਪੁਲੀਸ ਨੇ ਆਪਣੇ ਸੋਸ਼ਲ ਮੀਡੀਆ ਖਾਤਿਆਂ ’ਤੇ ਇਸ ਵਾਇਰਲ ਆਡੀਓ ਨੂੰ ਏ ਆਈ ਨਾਲ ਤਿਆਰ ਕੀਤਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜਾਂਚ ਮਗਰੋਂ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

