ਕਿਰਤ ਵਿਭਾਗ ਦੀਆਂ 10 ਸੇਵਾਵਾਂ ਰਾਈਟ-ਟੂ ਸਰਵਿਸ ਤਹਿਤ ਨੋਟੀਫਾਈ
ਪੀਪੀ ਵਰਮਾ
ਪੰਚਕੂਲਾ, 5 ਜੁਲਾਈ
ਹਰਿਆਣਾ ਸਰਕਾਰ ਨੇ ਕਿਰਤ ਵਿਭਾਗ ਦੀਆਂ 10 ਮੁੱਖ ਸੇਵਾਵਾਂ ਨੂੰ ਹਰਿਆਣਾ ਸੇਵਾ ਦਾ ਅਧਿਕਾਰ ਐਕਟ 2014 ਤਹਿਤ ਨੋਟੀਫਾਈ ਕੀਤਾ ਹੈ। ਮੁੱਖ ਸਕੱਤਰ ਡਾ. ਅਨੁਰਾਗ ਰਸਤੋਗੀ ਵੱਲੋਂ ਇਸ ਸਬੰਧ ਵਿੱਚ ਸੂਚਨਾ ਜਾਰੀ ਕੀਤੀ ਗਈ ਹੈ। ਹੁਣ ਠੇਕਾ ਕਿਰਤ ਐਕਟ, 1970 (1970 ਦਾ ਕੇਂਦਰੀ ਐਕਟ 37) ਦੇ ਉਪਬੰਧਾਂ ਦੇ ਅਧੀਨ ਠੇਕੇਦਾਰਾਂ ਲਈ ਮੁੱਖ ਮਾਲਕ ਦੀ ਸਥਾਪਨਾ, ਲਾਇਸੈਂਸ ਦਾ ਰਜਿਸਟ੍ਰੇਸ਼ਨ ਅਤੇ ਰੀਨਿਊ 26 ਦਿਨਾਂ ’ਚ ਕੀਤਾ ਜਾਵੇਗਾ। ਇਸੇ ਤਰ੍ਹਾਂ ਕਾਰਖਾਨਾ ਐਕਟ, 1948 ਅਧੀਨ ਕਾਰਖਾਨਾ ਵਿਭਾਗ ਨਾਲ ਯੋਜਨਾਵਾਂ ਦਾ ਅਨੁਮੋਦਨ ਅਤੇ ਕਾਰਖਾਨਾ ਐਕਟ, 1948 (1948 ਦਾ ਕੇਂਦਰੀ ਐਕਟ 63) ਤਹਿਤ ਕਾਰਖਾਨਾ ਲਾਇਸੈਂਸ ਤੇ ਲਾਇਸੈਂਸ ਰੀਨਿਊ ਕਰਕੇ 45 ਦਿਨਾਂ ਅੰਦਰ ਜਾਰੀ ਕੀਤਾ ਜਾਵੇਗਾ। ਪੰਜਾਬ ਦੁਕਾਨ ਅਤੇ ਵਪਾਰਕ ਸਥਾਪਨਾ ਐਕਟ, 1958 (1958 ਦਾ ਪੰਜਾਬ ਐਕਟ 15) ਤਹਿਤ ਦੁਕਾਨ ਰਜਿਸਟ੍ਰੇਸ਼ਨ ਲਈ ਕੇਵਾਈਸੀ ਆਧਾਰ ’ਤੇ ਵੱਖ ਵੱਖ ਸਮੇ ਸੀਮਾ ਤੈਅ ਕੀਤਾ ਗਿਆ ਹੈ। ਜੇਕਰ ਕੇਵਾਈਸੀ ਅਵੈਧ ਹੈ, ਤਾਂ ਰਜਿਸਟ੍ਰੇਸ਼ਨ ਇੱਕ ਦਿਨ ਵਿੱਚ ਕੀਤਾ ਜਾਵੇਗਾ ਜਦੋਂਕਿ ਕੇਵਾਈਸੀ ਵੈਧ ਹੋਣ ’ਤੇ 15 ਦਿਨਾਂ ਵਿੱਚ ਕਰਨਾ ਜਰੂਰੀ ਹੋਵੇਗਾ। ਇਮਾਰਤ ਅਤੇ ਹੋਰ ਨਿਰਮਾਣ ਕਾਮੇ ਐਕਟ, 1996 (1966 ਦਾ ਕੇਂਦਰੀ ਐਕਟ 27) ਅਧੀਨ ਰੁਜ਼ਗਾਰ ਦੇਣ ਵਾਲੇ ਅਦਾਰਿਆਂ ਦੀ ਰਜਿਟਰੇਸ਼ਨ ਹੁਣ 30 ਦਿਨਾਂ ਅੰਦਰ ਕਰਨੀ ਹੋਵੇਗਾ।
ਇਸੇ ਤਰ੍ਹਾਂ ਅੰਤਰਰਾਜੀ ਪਰਵਾਸੀ ਕਾਮੇ ਐਕਟ 1979 ਦੇ ਉਪਬੰਧਾਂ ਦੇ ਤਹਿਤ ਮੁੱਖ ਮਾਲਕ ਦੀ ਸਥਾਪਨਾ ਦਾ ਰਜਿਸਟ੍ਰੇਸ਼ਨ 26 ਦਿਨਾਂ ਅੰਦਰ ਕੀਤਾ ਜਾਵੇਗਾ। ਇਸ ਦੇ ਇਲਾਵਾ, ਹਰਿਆਣਾ ਇਮਾਰਤ ਅਤੇ ਹੋਰ ਨਿਰਮਾਣ ਮਜ਼ਦੂਰ ਭਲਾਈ ਬੋਰਡ ਦੇ ਲਾਭਪਾਤਰੀਆਂ ਵਜੋਂ ਉਸਾਰੀ ਕਾਮਿਆਂ ਦੀ ਰਜਿਸਟ੍ਰੇਸ਼ਨ/ ਨਵੀਨੀਕਰਨ ਲਈ 30 ਦਿਨ ਅਤੇ ਬੋਰਡ ਦੀ ਵੱਖ-ਵੱਖ ਭਲਾਈ ਯੋਜਨਾਵਾਂ ਦੇ ਲਾਭ ਵੰਡਣ ਲਈ ਵੱਧ ਤੋਂ ਵੱਧ 90 ਦਿਨਾਂ ਦੀ ਸਮਾਂ ਸੀਮਾ ਨਿਰਧਾਰਤ ਕੀਤੀ ਗਈ ਹੈ।