ਫ਼ਰਜ਼ੀ ਕਾਲ ਸੈਂਟਰਾਂ ਰਾਹੀਂ ਧੋਖਾਧੜੀ ਕਰਨ ਦੇ ਦੋਸ਼ ਹੇਠ 10 ਗ੍ਰਿਫ਼ਤਾਰ
ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ. ਨਗਰ (ਮੁਹਾਲੀ), 23 ਜੂਨ
ਰੇਂਜ ਐਂਟੀ ਨਾਰਕੋਟਿਕਸ ਕਮ ਸਪੈਸ਼ਲ ਅਪਰੇਸ਼ਨ ਸੈੱਲ (ਰੇਂਜ ਰੂਪਨਗਰ ਕੈਂਪ ਸੈਕਟਰ 79) ਮੁਹਾਲੀ ਦੀ ਟੀਮ ਨੇ ਫ਼ਰਜ਼ੀ ਕਾਲ ਸੈਂਟਰਾਂ ਭੋਲੇ ਭਾਲੇ ਵਿਦੇਸ਼ੀ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ 2 ਸੈਂਟਰਾਂ ਦੇ 10 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਨ ਮਗਰੋਂ ਪੁੱਛ-ਪੜਤਾਲ ਆਰੰਭ ਦਿੱਤੀ ਗਈ ਹੈ।
ਸਪੈਸ਼ਲ ਅਪਰੇਸ਼ਨ ਸੈੱਲ ਦੀ ਡੀਐੱਸਪੀ ਰੁਪਿੰਦਰਦੀਪ ਕੌਰ ਸੋਹੀ ਨੇ ਦੱਸਿਆ ਕਿ ਇਹ ਵਿਅਕਤੀ ਭੋਲੇ ਭਾਲੇ ਲੋਕਾਂ ਨਾਲ ਫ਼ਰਜ਼ੀ ਕਾਲ ਸੈਂਟਰ ਚਲਾ ਕੇ ਲੈਪਟਾਪ ਅਤੇ ਕੰਪਿਊਟਰ ਤੇ ਲਾਗਇਨ ਕਰਕੇ ਠੱਗੀ ਮਾਰਦੇ ਸਨ। ਉਨ੍ਹਾਂ ਦੱਸਿਆ ਕਿ ਅਪਰੇਸ਼ਨ ਸੈੱਲ ਦੀ ਟੀਮ ਦੇ ਇੰਚਾਰਜ ਇੰਸਪੈਕਟਰ ਦਰਬਾਰਾ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਵੱਲੋਂ ਮੁਖ਼ਬਰ ਦੀ ਇਤਲਾਹ ਤੇ ਮਨਚੰਦਾ ਟਾਵਰ (ਪਲਾਟ ਨੰਬਰ ਡੀ-133 ਸੀ, ਫ਼ੇਜ਼7 ਮੁਹਾਲੀ) ਵਿਖੇ ਰੇਡ ਕੀਤੀ ਗਈ, ਜਿੱਥੇ ਪਹਿਲੀ ਤੇ ਤੀਜੀ ਮੰਜ਼ਿਲ ਤੇ ਫ਼ਰਜ਼ੀ ਕਾਲ ਸੈਂਟਰ ਚਲ ਰਹੇ ਸਨ। ਉਨ੍ਹਾਂ ਦੱਸਿਆ ਕਿ ਪਹਿਲੀ ਮੰਜ਼ਿਲ ’ਤੇ ਕਾਲ ਸੈਂਟਰ ਦੇ ਮਾਲਕ ਮਨਮੀਤ ਸਿੰਘ ਬਨਵੈਤ ਵਾਸੀ ਸੈਕਟਰ 53 ਮੁਹਾਲੀ ਤੇ ਸਟਾਫ਼ ਮੈਂਬਰਾਂ ਅਨਮੋਲ ਮਲਹੋਤਰਾ ਵਾਸੀ ਸ਼ਿਵਜੋਤ ਖਰੜ, ਜਸਨੀਤ ਕੌਰ ਵਾਸੀ ਖਰੜ, ਨਰਮਿਤਾ ਵਾਸੀ ਮੁਹਾਲੀ, ਗੁਰਪ੍ਰੀਤ ਸਿੰਘ ਫੇਜ਼-1 ਮੁਹਾਲੀ, ਵੂਗਸੈਮ ਹੁਨਗਿਓ ਵਾਸੀ ਦੀਮਾਪੁਰ ਸਦਰ, ਨਾਗਾਲੈਂਡ (ਹਾਲ ਵਾਸੀ ਪੀ.ਜੀ. ਬਲੌਂਗੀ) ਨੂੰ 5 ਲੈਪਟਾਪ ਸਮੇਤ ਹੈਡਫੋਨ, 9 ਮੋਬਾਈਲ ਫ਼ੋਨ ਅਤੇ ਇਨ੍ਹਾਂ ਵੱਲੋਂ ਦਫ਼ਤਰੀ ਕੰਮਕਾਰ ਲਈ ਵਰਤੀ ਜਾ ਰਹੀਆਂ ਲਗਜ਼ਰੀ ਗੱਡੀਆਂ ਸਣੇ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਈਮੇਲ ਬਲਾਸਟਿੰਗ ਰਾਹੀਂ ਵਿਦੇਸ਼ੀ ਲੋਕਾਂ ਨੂੰ ਬਿਟਕੁਆਇਨ ਪਰਚੇਜ਼ ਅਤੇ ਐਮਾਜ਼ੌਨ ਪਰਚੇਜ਼ ਸਬੰਧੀ ਈਮੇਲਾਂ ਭੇਜਦੇ ਸਨ ਤੇ ਗਿਫਟ ਕਾਰਡ ਸਣੇ ਵੱਖ-ਵੱਖ ਤਰੀਕਿਆਂ ਰਾਹੀਂ ਵਿਦੇਸ਼ਾਂ ’ਚ ਬੈਠਾਂ ਲੋਕਾਂ ਨਾ ਧੋਖਾਧੜੀ ਕਰਦੇ ਸਨ।
ਉਨ੍ਹਾਂ ਦੱਸਿਆ ਕਿ ਇਸੇ ਇਮਾਰਤ ਦੀ ਤੀਜੀ ਮੰਜ਼ਿਲ ’ਤੇ ਇੱਕ ਹੋਰ ਫ਼ਰਜ਼ੀ ਕਾਲ ਸੈਂਟਰ ਦੇ ਮੈਨੇਜਰ ਮੌਰਿਆ ਨਾਥ ਉਰਫ਼ ਕ੍ਰਿਸ਼ਟਾਫਰ ਵਾਸੀ ਦਵਾਰਕਾ, ਦਿੱਲੀ (ਹਾਲ ਵਾਸੀ ਐਰੋਸਿਟੀ, ਮੁਹਾਲੀ) ਤੇ ਉਸ ਦੇ ਸਾਥੀ ਕਰਮਚਾਰੀਆਂ ਇਸ਼ਵ ਕੁਮਾਰ ਹਿਮਾਚਲ ਪ੍ਰਦੇਸ਼ (ਹਾਲ ਵਾਸੀ ਸਵਰਾਜ ਐਨਕਲੇਵ ਸੰਤੇ ਮਾਜਰਾ ਖਰੜ) ਰਿਨਚੈਨ ਵਿਨੈਇਲ ਵਾਸੀ ਭੂਟਾਨ (ਹਾਲ ਵਾਸੀ ਜੇਬੀਪੀ ਕਰੈਸ ਖਰੜ) ਡੋਲੀ ਕੁਮਾਰੀ ਝਾਰਖੰਡ (ਹਾਲ ਵਾਸੀ ਸਰਿਲਾ ਅਪਾਰਟਮੈਟ, ਸ਼ਿਵਾਲਿਕ ਸਿਟੀ ਖਰੜ) ਨੂੰ ਕਾਬੂ ਕੀਤਾ ਗਿਆ। ਮੁਲਜ਼ਮਾਂ ਕੋਲੋਂ 4 ਸੀਪੀਯੂ, 4 ਹੈਡਫੋਨ ਤੇ ਮੈਨੇਜਰ ਦੇ 5 ਮੋਬਾਈਲ ਫ਼ੋਨ ਬਰਾਮਦ ਕੀਤੇ ਗਏ। ਉਨ੍ਹਾਂ ਮੁਤਾਬਕ ਉਕਤ ਵਿਅਕਤੀ ਟਰੈਵਲ ਕੰਪਨੀ ਦੇ ਨਾਮ ਤੇ ਫਰਜ਼ੀ ਕਾਲ ਸੈਂਟਰ ਚਲਾ ਕੇ ਇੱਕ ਵੈੱਬਸਾਈਟ ਰਾਹੀ ਐਂਡ ਚਲਾ ਕੇ ਵਿਦੇਸ਼ੀ ਲੋਕਾਂ ਨੂੰ ਸਸਤੀਆਂ ਟਿਕਟਾਂ ਦਾ ਭਾਅ ਦੱਸਦੇ ਸਨ। ਫਿਰ ਉਨ੍ਹਾਂ ਦੇ ਕਰੈਡਿਟ ਅਤੇ ਡੈਬਿਟ ਕਾਰਡਾਂ ਦੀ ਡਿਟੇਲ ਹਾਸਲ ਕਰਨ ਮਗਰੋਂ ਟਿਕਟ ਬੁਕਿੰਗ ਦੇ ਨਾਮ ’ਤੇ ਵੱਖ ਵੱਖ ਵੈਂਡਰਾ ਰਾਹੀਂ ਗੈਰਕਾਨੂੰਨੀ ਢੰਗ ਨਾਲ ਰਜਿਸਟਰਡ ਕੀਤੇ ਗਏ ਪੇਮੈਂਟ ਗੇਟਵੇਅ ਤੇ ਚਾਰਜ ਕਰ ਲਿਆ ਜਾਂਦਾ ਸੀ।