ਅਮਰੀਕੀ ਟੈਕਸ: ਸ਼ੁਰੂਆਤੀ ਕਾਰੋਬਾਰ ਦੌਰਾਨ ਡਿੱਗਿਆ ਸ਼ੇਅਰ ਬਾਜ਼ਾਰ
ਸ਼ੇਅਰ ਬਾਜ਼ਾਰ ਦੇ ਮੁੱਖ ਸੂਚਕ ਸੈਂਸੈਕਸ ਅਤੇ ਨਿਫਟੀ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਹੇਠਾਂ ਆ ਗਏ, ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਰੂਸੀ ਤੇਲ ਦੀ ਖਰੀਦ ’ਤੇ ਭਾਰਤ 'ਤੇ ਲਗਾਇਆ ਗਿਆ ਵਾਧੂ 25 ਫੀਸਦੀ ਟੈਕਸ ਲਾਗੂ ਹੋ ਗਿਆ। ਇਸ ਤੋਂ ਇਲਾਵਾ ਵਿਦੇਸ਼ੀ ਫੰਡਾਂ ਦੇ ਬਾਹਰ ਜਾਣ ਨਾਲ ਵੀ ਨਿਵੇਸ਼ਕ ਪ੍ਰਭਾਵਿਤ ਹੋਏ।
ਅਮਰੀਕਾ ਵੱਲੋਂ ਭਾਰਤ ’ਤੇ ਲਗਾਇਆ ਗਿਆ ਵਾਧੂ 25 ਫੀਸਦੀ ਟੈਕਸ ਬੁੱਧਵਾਰ ਨੂੰ ਲਾਗੂ ਹੋਣ ਤੋਂ ਬਾਅਦ ਨਵੀਂ ਦਿੱਲੀ 'ਤੇ ਲਗਾਏ ਗਏ ਕੁੱਲ ਟੈਕਸ ਦੀ ਮਾਤਰਾ 50 ਫੀਸਦੀ ਹੋ ਗਈ।
ਸ਼ੁਰੂਆਤੀ ਕਾਰੋਬਾਰ 'ਚ 30 ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 508.16 ਅੰਕ ਡਿੱਗ ਕੇ 80,278.38 ’ਤੇ ਆ ਗਿਆ। 50 ਸ਼ੇਅਰਾਂ ਵਾਲਾ ਐੱਨਐੱਸਈ ਨਿਫਟੀ 157.35 ਅੰਕ ਡਿੱਗ ਕੇ 24,554.70 ’ਤੇ ਆ ਗਿਆ। ਸੈਂਸੈਕਸ ਫਰਮਾਂ ਵਿੱਚ ਐੱਚਸੀਐੱਲ ਟੈੱਕ, ਐੱਚਡੀਐੱਫਸੀ ਬੈਂਕ, ਪਾਵਰ ਗਰਿੱਡ, ਸਨ ਫਾਰਮਾ, ਐੱਨ.ਟੀ.ਪੀ.ਸੀ. ਅਤੇ ਭਾਰਤ ਇਲੈਕਟ੍ਰਾਨਿਕਸ ਮੁੱਖ ਤੌਰ ’ਤੇ ਘਾਟੇ ਵਿੱਚ ਸਨ। ਹਾਲਾਂਕਿ ਈਟਰਨਲ, ਏਸ਼ੀਅਨ ਪੇਂਟਸ, ਟਾਈਟਨ, ਮਾਰੂਤੀ ਅਤੇ ਲਾਰਸਨ ਐਂਡ ਟੂਬਰੋ ਲਾਭ ਵਾਲੇ ਸਨ।