ਟਰੰਪ ਵੱਲੋਂ ਦਰਾਮਦ ਕੀਤੀਆਂ ਦਵਾਈਆਂ ’ਤੇ ਭਾਰੀ ਟੈਕਸ ਲਗਾਉਣ ਦੀ ਯੋਜਨਾ
ਰਾਸ਼ਟਰਪਤੀ ਡੋਨਲਡ ਟਰੰਪ ਨੇ ਲਗਪਗ ਹਰੇਕ ਦੇਸ਼ ਦੇ ਉਤਪਾਦਾਂ ’ਤੇ ਟੈਰਿਫ ਲਗਾਏ ਹਨ। ਉਨ੍ਹਾਂ ਖਾਸ ਦਰਾਮਦ ਵਸਤਾਂ, ਜਿਵੇਂ ਕਿ ਕਾਰਾਂ, ਸਟੀਲ ਅਤੇ ਐਲੂਮੀਨੀਅਮ ਨੂੰ ਨਿਸ਼ਾਨਾ ਬਣਾਇਆ ਹੈ ਪਰ ਉਹ ਅਜੇ ਵੀ ਰੁਕੇ ਨਹੀਂ ਹਨ।
ਟਰੰਪ ਨੇ ਫਾਰਮਾਸਿਊਟਿਕਲ ਉਤਪਾਦਾਂ ’ਤੇ ਵੀ ਭਾਰੀ ਦਰਾਮਦ ਟੈਕਸ ਲਗਾਉਣ ਦਾ ਵਾਅਦਾ ਕੀਤਾ ਹੈ। ਇਹ ਇੱਕ ਅਜਿਹੀ ਸ਼੍ਰੇਣੀ ਹੈ ਜਿਸ ਨੂੰ ਉਨ੍ਹਾਂ ਨੇ ਆਪਣੀ ਵਪਾਰਕ ਜੰਗ ਵਿੱਚ ਜ਼ਿਆਦਾਤਰ ਬਖਸ਼ਿਆ ਹੋਇਆ ਸੀ। ਦਹਾਕਿਆਂ ਤੋਂ ਅਸਲ ਵਿੱਚ ਦਰਾਮਦ ਕੀਤੀਆਂ ਗਈਆਂ ਦਵਾਈਆਂ ਨੂੰ ਜ਼ਿਆਦਾਤਰ ਟੈਕਸ-ਮੁਕਤ ਅਮਰੀਕਾ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਹੋਈ ਸੀ। ਹੁਣ ਇਹ ਬਦਲਣਾ ਸ਼ੁਰੂ ਹੋ ਗਿਆ ਹੈ। ਹਾਲ ਹੀ ਵਿੱਚ, ਅਮਰੀਕੀ ਅਤੇ ਯੂਰੋਪੀ ਆਗੂਆਂ ਨੇ ਇੱਕ ਵਪਾਰਕ ਸਮਝੌਤੇ ਬਾਰੇ ਦੱਸਿਆ ਹੈ ਜਿਸ ਤਹਿਤ ਅਮਰੀਕਾ ਵਿੱਚ ਲਿਆਂਦੀਆਂ ਜਾਣ ਵਾਲੀਆਂ ਕੁਝ ਯੂਰੋਪੀ ਵਸਤਾਂ ਜਿਨ੍ਹਾਂ ਵਿੱਚ ਫਾਰਮਾਸਿਊਟਿਕਲ ਵੀ ਸ਼ਾਮਲ ਹਨ, ’ਤੇ ਸਿਰਫ਼ 15 ਫੀਸਦ ਟੈਕਸ ਲਗਾਇਆ ਗਿਆ ਹੈ। ਟਰੰਪ ਹੋਰ ਥਾਵਾਂ ’ਤੇ ਬਣੀਆਂ ਦਵਾਈਆਂ ’ਤੇ 200 ਫੀਸਦ ਜਾਂ ਇਸ ਤੋਂ ਵੱਧ ਟੈਕਸ ਲਗਾਉਣ ਦੀ ਧਮਕੀ ਦੇ ਰਹੇ ਹਨ।