ਸੋਨੇ ਦੀਆਂ ਕੀਮਤਾਂ ਰਿਕਾਰਡ ਉਚਾਈ ’ਤੇ, ਚਾਂਦੀ ਵੀ ਚਮਕੀ
ਸੋਨੇ ਦੀਆਂ ਕੀਮਤਾਂ ਵਿਚ ਇਜ਼ਾਫ਼ਾ ਜਾਰੀ ਹੈ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਮੁਤਾਬਕ ਪੀਲੀ ਧਾਤ ਦੀ ਕੀਮਤ 5080 ਰੁਪਏ ਦੇ ਉਛਾਲ ਨਾਲ 1.12 ਲੱਖ ਰੁਪਏ ਪ੍ਰਤੀ ਦਸ ਗ੍ਰਾਮ (ਤੋਲਾ) ਦੇ ਰਿਕਾਰਡ ਪੱਧਰ ’ਤੇ ਪੁੱਜ ਗਈ ਹੈ।
ਆਲ ਇੰਡੀਆ ਸਰਾਫਾ ਐਸੋਸੀਏਸ਼ਨ ਮੁਤਾਬਕ ਸੋਮਵਾਰ ਨੂੰ 99.9 ਫੀਸਦ ਸ਼ੁੱਧਤਾ ਵਾਲਾ ਸੋਨਾ 1,07,670 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ। ਮੰਗਲਵਾਰ ਨੂੰ ਚਾਂਦੀ ਦੀਆਂ ਕੀਮਤਾਂ ਵੀ 2,800 ਰੁਪਏ ਵਧ ਕੇ 1,28,800 ਰੁਪਏ ਪ੍ਰਤੀ ਕਿਲੋਗ੍ਰਾਮ (ਸਾਰੇ ਟੈਕਸਾਂ ਸਮੇਤ) ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਈਆਂ। ਪਿਛਲੇ ਸੈਸ਼ਨ ਵਿੱਚ ਇਹ ਕੀਮਤੀ ਧਾਤ 1,26,000 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ ਨਾਲ ਸਥਿਰ ਸੀ।
ਆਲਮੀ ਬਾਜ਼ਾਰਾਂ ਵਿੱਚ ਮੰਗਲਵਾਰ ਨੂੰ ਸੋਨਾ 3,659.27 ਅਮਰੀਕੀ ਡਾਲਰ ਪ੍ਰਤੀ ਔਂਸ ਦੇ ਸਭ ਤੋਂ ਵੱਧ ਮੁੱਲ ’ਤੇ ਪਹੁੰਚ ਗਿਆ। ਬਾਅਦ ਵਿੱਚ ਇਹ ਕੀਮਤੀ ਧਾਤ 16.81 ਅਮਰੀਕੀ ਡਾਲਰ ਜਾਂ 0.46 ਫੀਸਦ ਵੱਧ ਕੇ 3,652.72 ਅਮਰੀਕੀ ਡਾਲਰ ਪ੍ਰਤੀ ਔਂਸ ’ਤੇ ਵਪਾਰ ਕਰਨ ਲੱਗੀ। ਵਪਾਰੀਆਂ ਨੇ ਕਿਹਾ ਕਿ ਪਿਛਲੇ ਹਫ਼ਤੇ ਅਮਰੀਕਾ ਵਿੱਚ ਕਮਜ਼ੋਰ ਲੇਬਰ ਮਾਰਕੀਟ ਦੇ ਅੰਕੜਿਆਂ ਨੇ ਮੁਦਰਾ ਨੀਤੀ ਵਿੱਚ ਢਿੱਲ ਦੀ ਸੰਭਾਵਨਾ ਵਧਾ ਦਿੱਤੀ ਹੈ, ਜਿਸ ਨੇ ਨਿਵੇਸ਼ਕਾਂ ਨੂੰ ਸੋਨੇ ਵਰਗੀਆਂ ਸੁਰੱਖਿਅਤ ਸੰਪਤੀਆਂ ਵੱਲ ਧੱਕ ਦਿੱਤਾ।