ਟੈਸਲਾ ਵੱਲੋੋਂ ਬਾਂਦਰਾ ਕੁਰਲਾ ਕੰਪਲੈਕਸ ’ਚ ਪਹਿਲਾ ਚਾਰਜਿੰਗ ਸਟੇਸ਼ਨ ਸ਼ੁਰੂ
ਆਲਮੀ ਪੱਧਰ ’ਤੇ ਇਲੈਕਟ੍ਰਿਕ ਵਾਹਨ ਵਿਚ ਮੋਹਰੀ ਕੰਪਨੀ ਟੈਸਲਾ ਨੇ ਸੋਮਵਾਰ ਨੂੰ ਦੇਸ਼ ਵਿਚ ਆਪਣਾ ਪਹਿਲਾ ਚਾਰਜਿੰਗ ਸਟੇਸ਼ਨ ਸ਼ੁਰੂ ਕਰ ਦਿੱਤਾ ਹੈ। ਦੇਸ਼ ਦੀ ਵਿੱਤੀ ਰਾਜਧਾਨੀ ਵਿਚ ਟੈਸਲਾ ਦਾ ਪਹਿਲਾ ਸ਼ੋਅਰੂਮ ਖੋਲ੍ਹਣ ਦੇ ਕੁਝ ਹਫ਼ਤਿਆਂ ਬਾਅਦ ਚਾਰਜਿੰਗ ਫੈਸਿਲਟੀ ਲਾਂਚ ਕੀਤੀ ਗਈ ਹੈ। ਕੰਪਨੀ ਨੇ ਕਿਹਾ ਕਿ ਬਾਂਦਰਾ-ਕੁਰਲਾ ਕੰਪਲੈਕਸ ਦੇ ਵਨ ਬੀਕੇਸੀ ਵਿੱਚ ਸਥਾਪਤ ਟੈਸਲਾ ਚਾਰਜਿੰਗ ਸਟੇਸ਼ਨ ਵਿੱਚ ਚਾਰ V4 ਸੁਪਰਚਾਰਜਿੰਗ ਸਟਾਲ (ਡੀਸੀ ਚਾਰਜਿੰਗ) ਅਤੇ ਚਾਰ ਡੈਸਟੀਨੇਸ਼ਨ ਚਾਰਜਿੰਗ ਸਟਾਲ (ਏਸੀ ਚਾਰਜਿੰਗ) ਹਨ। ਕੰਪਨੀ ਨੇ ਕਿਹਾ ਕਿ ਉਹ ਸਤੰਬਰ ਤਿਮਾਹੀ ਤੱਕ ਤਿੰਨ ਹੋਰ ਅਜਿਹੀਆਂ ਸਹੂਲਤਾਂ, ਇੱਕ-ਇੱਕ ਲੋਅਰ ਪਰੇਲ, ਠਾਣੇ ਅਤੇ ਨਵੀਂ ਮੁੰਬਈ ਵਿੱਚ ਸਥਾਪਤ ਕਰਨ ਦੀ ਯੋਜਨਾ ਬਣਾ ਰਹੀ ਹੈ। ਟੈਸਲਾ ਨੇ 15 ਜੁਲਾਈ ਨੂੰ ਮੁੰਬਈ ਵਿਚ ਆਪਣਾ ਪਹਿਲਾ ਸ਼ੋਅਰੂਮ ਖੋਲ੍ਹਿਆ ਸੀ। ਟੈਸਲਾ ਨੇ ਮੱਧ ਆਕਾਰ ਦੀ ਇਲੈਕਟ੍ਰਿਕ SUV ਮਾਡਲ Y, ਜੋ ਕਿ ਕਦੇ ਦੁਨੀਆ ਦੀ ਸਭ ਤੋਂ ਵੱਧ ਵਿਕਣ ਵਾਲੀ ਕਾਰ ਸੀ, ਭਾਰਤ ਵਿੱਚ ਦੋ ਰੂਪਾਂ ਵਿੱਚ ਪੇਸ਼ ਕੀਤੀ ਜਾਵੇਗੀ। ਰੀਅਰ-ਵ੍ਹੀਲ ਡਰਾਈਵ ਜਿਸ ਦੀ ਬੇਸ ਕੀਮਤ 59.89 ਲੱਖ ਰੁਪਏ ਹੈ ਅਤੇ ਲੰਬੀ ਰੇਂਜ ਦੀ ਰੀਅਰ ਵ੍ਹੀਲ ਡਰਾਈਵ ਜਿਸ ਦੀ ਬੇਸ ਕੀਮਤ 67.89 ਲੱਖ ਰੁਪਏ ਹੈ। ਦੋਵਾਂ ਰੂਪਾਂ ਲਈ ਡਲਿਵਰੀ 2025 ਦੀ ਤੀਜੀ ਅਤੇ ਚੌਥੀ ਤਿਮਾਹੀ ਵਿੱਚ ਕ੍ਰਮਵਾਰ ਸ਼ੁਰੂ ਹੋਣ ਵਾਲੀ ਹੈ। ਕੰਪਨੀ ਨੇ ਕਿਹਾ ਕਿ ਟੈਸਲਾ ਸੁਪਰਚਾਰਜਿੰਗ ਸਟਾਲ 24 ਰੁਪਏ/ਕਿਲੋਵਾਟ ਤੋਂ ਸ਼ੁਰੂ ਹੋਣ ਵਾਲੀ 250 ਕਿਲੋਵਾਟ ਦੀ ਪੀਕ ਚਾਰਜਿੰਗ ਸਪੀਡ ਅਤੇ ਡੈਸਟੀਨੇਸ਼ਨ ਚਾਰਜਰ 14 ਰੁਪਏ/ਕਿਲੋਵਾਟ ਦੀ ਦਰ ਨਾਲ 11 ਕਿਲੋਵਾਟ ਪ੍ਰਦਾਨ ਕਰਦੇ ਹਨ। ਪੀਟੀਆਈ