Tesla ਦੀ ਭਾਰਤ ਵਿਚ ਐਂਟਰੀ, ਮੁੰਬਈ ’ਚ ਪਹਿਲਾ ਸ਼ੋਅਰੂਮ ਖੁੱਲ੍ਹਿਆ
ਐਲਨ ਮਸਕ ਦੀ ਮਾਲਕੀ ਵਾਲੀ TESLA ਦੀ ਭਾਰਤ ਵਿਚ ਐਂਟਰੀ ਹੋ ਗਈ ਹੈ। ਇਲੈਕਟ੍ਰਿਕ ਵਾਹਨ (EV) ਬਣਾਉਣ ਵਾਲੀ ਕੰਪਨੀ ਨੇ ਆਪਣਾ ਪਹਿਲਾ ਸ਼ੋਅਰੂਮ ਮੁੰਬਈ ਵਿਚ ਖੋਲ੍ਹਿਆ ਹੈ। ਸ਼ੋਅਰੂਮ ਦਾ ਉਦਘਾਟਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕੀਤਾ। Tesla ਭਾਰਤ ਵਿਚ Model Y ਕਾਰਾਂ ਵੇਚੇਗੀ, ਜਿਸ ਦੀ ਕੀਮਤ 69,770 ਡਾਲਰ ਤੋਂ ਸ਼ੁਰੂ ਹੁੰਦੀ ਹੈ।
ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਮਹਾਰਾਸ਼ਟਰ ਟੈਸਲਾ ਨੂੰ ਭਾਰਤ ਵਿੱਚ ਆਪਣੀਆਂ ਖੋਜ ਅਤੇ ਵਿਕਾਸ ਅਤੇ ਨਿਰਮਾਣ ਸਹੂਲਤਾਂ ਸਥਾਪਤ ਕਰਦੇ ਦੇਖਣਾ ਚਾਹੁੰਦਾ ਹੈ। ਫੜਨਵੀਸ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ਵਿੱਚ ਟੈਸਲਾ ਦੇ ਭਾਰਤ ਵਿਚ ਪਹਿਲੇ ਸ਼ੋਅਰੂਮ ਦੇ ਉਦਘਾਟਨ ਮੌਕੇ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਮੁੰਬਈ ਸਿਰਫ਼ ਭਾਰਤ ਦੀ ਵਿੱਤੀ, ਵਪਾਰਕ ਅਤੇ ਮਨੋਰੰਜਨ ਰਾਜਧਾਨੀ ਹੀ ਨਹੀਂ ਹੈ, ਸਗੋਂ ਇੱਕ ਉੱਦਮੀ ਹੱਬ ਵੀ ਹੈ। ਟੈਸਲਾ ਇੰਡੀਆ ਨੇ ਪਿਛਲੇ ਮਹੀਨੇ ਮੁੰਬਈ ਦੇ ਲੋਧਾ ਲੌਜਿਸਟਿਕਸ ਪਾਰਕ ਵਿੱਚ 24,565 ਵਰਗ ਫੁੱਟ ਵੇਅਰਹਾਊਸਿੰਗ ਜਗ੍ਹਾ ਪੰਜ ਸਾਲਾਂ ਦੀ ਮਿਆਦ ਲਈ ਲੀਜ਼ ’ਤੇ ਲਈ ਹੈ।
ਟੈਸਲਾ ਸ਼ੁਰੂ ਵਿੱਚ ਭਾਰਤ ਵਿੱਚ ਮਾਡਲ Y ਦੇ ਦੋ ਮਾਡਲ ਪੇਸ਼ ਕਰੇਗੀ। ਇਨ੍ਹਾਂ ਵਿਚ ਰੀਅਰ-ਵ੍ਹੀਲ ਡਰਾਈਵ ਮਾਡਲ ਜਿਸ ਦੀ ਕੀਮਤ 60.1 ਲੱਖ ($70,000) ਹੈ ਅਤੇ ਲੰਬੀ ਰੇਂਜ ਵਾਲਾ ਵੇਰੀਐਂਟ 67.8 ਲੱਖ ($79,000) ਹੈ। ਇਹ ਕੀਮਤਾਂ ਦੂਜੇ ਬਾਜ਼ਾਰਾਂ ਨਾਲੋਂ ਕਾਫ਼ੀ ਜ਼ਿਆਦਾ ਹਨ। ਇਹੀ ਵਾਹਨ ਅਮਰੀਕਾ ਵਿੱਚ 38.6 ਲੱਖ ($44,990), ਚੀਨ ਵਿੱਚ 30.5 ਲੱਖ ($36,700) (263,500 ਯੂਆਨ) ਅਤੇ ਜਰਮਨੀ ਵਿੱਚ 46 ਲੱਖ ($53,700) (€45,970) ਤੋਂ ਸ਼ੁਰੂ ਹੁੰਦਾ ਹੈ। ਕੀਮਤਾਂ ਵਿਚਲਾ ਇਹ ਫ਼ਰਕ ਮੁੱਖ ਤੌਰ ’ਤੇ ਭਾਰਤ ਵੱਲੋਂ ਲਾਇਆ ਭਾਰੀ ਦਰਾਮਦ ਟੈਕਸ ਹੈ। -ਪੀਟੀਆਈ