‘ਸਵਦੇਸ਼ੀ’ ਸਾਰਿਆਂ ਦਾ ਜੀਵਨ ਮੰਤਰ ਹੋਣਾ ਚਾਹੀਦਾ ਹੈ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ‘ਸਵਦੇਸ਼ੀ’ ਸਾਰਿਆਂ ਦਾ ਜੀਵਨ ਮੰਤਰ ਹੋਣਾ ਚਾਹੀਦਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ‘ਮੇਕ ਇਨ ਇੰਡੀਆ’ ਪਹਿਲਕਦਮੀ ਨੇ ਗਲੋਬਲ ਅਤੇ ਘਰੇਲੂ ਦੋਵਾਂ ਨਿਰਮਾਤਾਵਾਂ ਲਈ ਅਨੁਕੂਲ ਮਾਹੌਲ ਬਣਾਇਆ ਹੈ।
ਗੁਜਰਾਤ ਵਿੱਚ ਬ੍ਰਾਂਡ ਦੀ ਹੰਸਲਪੁਰ ਸਹੂਲਤ ’ਤੇ ਮਾਰੂਤੀ ਸੁਜ਼ੂਕੀ ਦੀ ਪਹਿਲੀ ਇਲੈਕਟ੍ਰਿਕ ਵਾਹਨ ਈ-ਵਿਟਾਰਾ ਨੂੰ ਹਰੀ ਝੰਡੀ ਦਿਖਾਉਣ ਤੋਂ ਬਾਅਦ ਮੋਦੀ ਨੇ ਕਿਹਾ, "ਦੁਨੀਆ ‘ਮੇਡ ਇਨ ਇੰਡੀਆ’ ਇਲੈਕਟ੍ਰਿਕ ਵਾਹਨ ਚਲਾਏਗੀ।"
ਮੋਦੀ ਨੇ ਲੋਕਾਂ ਨੂੰ ਸਿਰਫ਼ ਸਵਦੇਸ਼ੀ ਉਤਪਾਦ ਖਰੀਦਣ ਲਈ ਕਿਹਾ ਅਤੇ ਕਿਹਾ ਕਿ ਇਹ ਮਹੱਤਵਪੂਰਨ ਨਹੀਂ ਹੈ ਕਿ ਨਿਵੇਸ਼ ਕੌਣ ਕਰਦਾ ਹੈ, ਪਰ ਮਹੱਤਵਪੂਰਨ ਇਹ ਹੈ ਕਿ ਉਤਪਾਦ ਬਣਾਉਣ ਲਈ ਮਿਹਨਤ ਭਾਰਤੀਆਂ ਦੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਮਾਰੂਤੀ ਸੁਜ਼ੂਕੀ ਵੀ ਇੱਕ ਸਵਦੇਸ਼ੀ ਕੰਪਨੀ ਹੈ।
ਉਨ੍ਹਾਂ ਕਿਹਾ ਕਿ, ‘‘ਅੱਜ 'ਮੇਕ ਇਨ ਇੰਡੀਆ' ਲਈ ਇੱਕ ਮਹਾਨ ਦਿਨ ਹੈ ਕਿਉਂਕਿ ਦੇਸ਼ ਵਿੱਚ ਬਣੇ ਈ-ਵਾਹਨ 100 ਦੇਸ਼ਾਂ ਨੂੰ ਨਿਰਯਾਤ ਕੀਤੇ ਜਾਣਗੇ। ਦੁਨੀਆ 'ਮੇਡ ਇਨ ਇੰਡੀਆ' ਇਲੈਕਟ੍ਰਿਕ ਵਾਹਨ ਚਲਾਏਗੀ।’’ ਮੋਦੀ ਨੇ ਕਿਹਾ ਕਿ ਭਾਰਤ ਸੈਮੀਕੰਡਕਟਰ ਸੈਕਟਰ ਵਿੱਚ ਵੀ ਉਡਾਣ ਭਰ ਰਿਹਾ ਹੈ।