ਸੁਪਰੀਮ ਕੋਰਟ ਨੇ INDIABULLS ਜਾਂਚ ਮਾਮਲੇ ’ਚ CBI, SEBI ਨੂੰ ਪਾਈ ਝਾੜ !
ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਇੰਡੀਆਬੁਲਸ ਹਾਊਸਿੰਗ ਫਾਈਨੈਂਸ ਲਿਮਟਿਡ (IHFL) ਦੇ ਖਿਲਾਫ ਸ਼ੱਕੀ ਲੈਣ-ਦੇਣ ਦੇ ਦੋਸ਼ਾਂ ਦੀ ਜਾਂਚ ਕਰਨ ਤੋਂ ਝਿਜਕਣ ਲਈ CBI ਅਤੇ SEBI ਨੂੰ ਝਾੜ ਪਾਈ।
ਅਦਾਲਤ ਨੇ CBI ਦੇ ਡਾਇਰੈਕਟਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਲਈ SEBI, SFIO ਅਤੇ ED ਦੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਕਰਨ।
ਜਸਟਿਸ ਸੂਰਿਆ ਕਾਂਤ, ਜਸਟਿਸ ਉੱਜਲ ਭੂਯਾਨ ਅਤੇ ਜਸਟਿਸ ਐਨ. ਕੋਟਿਸਵਰ ਸਿੰਘ ਦੇ ਬੈਂਚ ਨੇ ਮਾਰਕੀਟ ਰੈਗੂਲੇਟਰ SEBI ਦੀ ਸਖ਼ਤ ਨਿੰਦਾ ਕੀਤੀ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਦੀ ਜਾਂਚ ਕਰਨ ਦੇ ਅਧਿਕਾਰ ਖੇਤਰ ਬਾਰੇ ਅਪਣਾਏ ਗਏ ਦੋਹਰੇ ਮਾਪਦੰਡਾਂ ਲਈ ਝਾੜ ਪਾਈ।
ਜਸਟਿਸ ਸੂਰਿਆ ਕਾਂਤ ਨੇ CBI ਦੇ ਰਵੱਈਏ ’ਤੇ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ, “ ਅਸੀਂ ਹੈਰਾਨ ਹਾਂ ਕਿ CBI ਨੇ ਇਸ ਮਾਮਲੇ ਵਿੱਚ ਬਹੁਤ ਹੀ ਸਹਿਜ ਕਿਸਮ ਦਾ ਰਵੱਈਆ ਅਪਣਾਇਆ ਹੈ। ਅਸੀਂ ਅਜਿਹਾ ਦੋਸਤਾਨਾ ਰਵੱਈਆ ਪਹਿਲਾਂ ਕਦੇ ਨਹੀਂ ਦੇਖਿਆ।”
ਅਦਾਲਤ ਨੇ ਪੁੱਛਿਆ ਕਿ ਅਧਿਕਾਰੀਆਂ ਨੂੰ FIR ਦਰਜ ਕਰਨ ਅਤੇ ਦੋਸ਼ਾਂ ਦੀ ਜਾਂਚ ਕਰਨ ਤੋਂ ਕੀ ਰੋਕ ਰਿਹਾ ਹੈ?
ਬੈਂਚ ਨੇ ਕਿਹਾ ਕਿ ਇਹ ਅਖੀਰ ਵਿੱਚ ਜਨਤਕ ਪੈਸਾ ਹੈ, ਨਾ ਕਿ ਕਿਸੇ ਦਾ ਨਿੱਜੀ ਕਮਾਇਆ ਹੋਇਆ ਪੈਸਾ, ਜੋ ਇੱਥੇ-ਉੱਥੇ ਘੁੰਮਾਇਆ ਜਾ ਰਿਹਾ ਹੈ। ਇਸ ਵਿੱਚ ਜਨਤਕ ਹਿੱਤ ਦਾ ਇੱਕ ਮਜ਼ਬੂਤ ਤੱਤ ਸ਼ਾਮਲ ਹੈ। ਜੇਕਰ 10 ਫੀਸਦ ਦੋਸ਼ ਵੀ ਸਹੀ ਹਨ ਤਾਂ ਕੁਝ ਵੱਡੇ ਪੱਧਰ ਦੇ ਲੈਣ-ਦੇਣ ਸ਼ੱਕੀ ਹਨ।
SC ਨੇ ਕਿਹਾ ਕਿ CBI ਡਾਇਰੈਕਟਰ ਦੀ ਅਗਵਾਈ ਵਿੱਚ ਹੋਣ ਵਾਲੀ ਮੀਟਿੰਗ ਵਿੱਚ, ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ (MCA) ਦੁਆਰਾ ਕੇਸਾਂ ਨੂੰ ਬੰਦ ਕਰਨਾ ਕੋਈ ਰੁਕਾਵਟ ਨਹੀਂ ਹੋਵੇਗਾ ਅਤੇ NGO ‘ਸਿਟੀਜ਼ਨਜ਼ ਵ੍ਹਿਸਲ ਬਲੋਅਰ ਫੋਰਮ’ ਦੁਆਰਾ ਲਗਾਏ ਗਏ ਸਾਰੇ ਦੋਸ਼ਾਂ ਦੀ ਜਾਂਚ ਕੀਤੀ ਜਾਵੇਗੀ।
ਜਦੋਂ SEBI ਦੇ ਵਕੀਲ ਨੇ ਅਧਿਕਾਰ ਖੇਤਰ ਨਾ ਹੋਣ ਦਾ ਹਵਾਲਾ ਦੇ ਕੇ ਜਾਂਚ ਕਰਨ ਤੋਂ ਝਿਜਕ ਦਿਖਾਈ, ਤਾਂ ਜਸਟਿਸ ਕਾਂਤ ਨੇ ਕਿਹਾ, “ ਜਦੋਂ ਜਾਇਦਾਦਾਂ ’ਤੇ ਕਬਜ਼ਾ ਕਰਨ ਅਤੇ ਵੇਚਣ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਕੋਲ ਅਧਿਕਾਰ ਖੇਤਰ ਹੈ। ਪਰ ਜਦੋਂ ਜਾਂਚ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਪਿੱਛੇ ਹਟ ਜਾਂਦੇ ਹੋ। ਕਿਉਂ, ਕਿਉਂਕਿ ਤੁਹਾਡੇ ਅਧਿਕਾਰੀਆਂ ਦੇ ਕੁਝ ਨਿੱਜੀ ਹਿੱਤ ਹਨ?”
ਅਦਾਲਤ ਨੇ ਦਿੱਲੀ ਦੇ ਪੁਲੀਸ ਕਮਿਸ਼ਨਰ ਨੂੰ ਵੀ ਨਿਰਦੇਸ਼ ਦਿੱਤਾ ਹੈ ਕਿ ਉਹ ED ਦੁਆਰਾ IHFL ਵਿਰੁੱਧ ਜਾਂਚ ਲਈ ਕੀਤੀਆਂ ਸ਼ਿਕਾਇਤਾਂ ਦੇ ਅਸਲ ਰਿਕਾਰਡ ਪੇਸ਼ ਕਰਨ।
ਦੱਸ ਦਈਏ ਕਿ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਦੋਸ਼ ਲਾਇਆ ਹੈ ਕਿ ਗੈਰ-ਬੈਂਕਿੰਗ ਵਿੱਤੀ ਕੰਪਨੀ (NBFC) ਇੰਡੀਆਬੁੱਲਜ਼ ਨੇ ਵੱਡੇ ਕਾਰਪੋਰੇਟ ਸਮੂਹਾਂ ਦੀਆਂ ਕੰਪਨੀਆਂ ਨੂੰ ਸ਼ੱਕੀ ਕਰਜ਼ੇ ਦਿੱਤੇ। ਇਹ ਪੈਸਾ ਫਿਰ ਘੁੰਮ ਕੇ (round-tripping) ਇੰਡੀਆਬੁੱਲਜ਼ ਦੇ ਪ੍ਰਮੋਟਰਾਂ ਦੀਆਂ ਕੰਪਨੀਆਂ ਦੇ ਖਾਤਿਆਂ ਵਿੱਚ ਵਾਪਸ ਆ ਗਿਆ, ਜਿਸ ਨਾਲ ਉਨ੍ਹਾਂ ਦੀ ਨਿੱਜੀ ਦੌਲਤ ਵਿੱਚ ਵਾਧਾ ਹੋਇਆ।
ਦੂਜੇ ਪਾਸੇ ਕੰਪਨੀ ਕੰਪਨੀ ਨੇ ਸਾਰੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਹੈ ਕਿ ਸਾਰੇ ਸਬੰਧਤ ਰੈਗੂਲੇਟਰਾਂ (RBI, MCA, SEBI, ED, CBI, EOW, ਆਦਿ) ਨੇ ਇਨ੍ਹਾਂ ਦੋਸ਼ਾਂ ਦੀ ਜਾਂਚ ਕੀਤੀ ਹੈ ਅਤੇ ਕਿਸੇ ਵੀ ਦੋਸ਼ ਦੀ ਪੁਸ਼ਟੀ ਨਹੀਂ ਹੋਈ ਹੈ। ਕੰਪਨੀ ਨੇ ਇਹ ਵੀ ਦੱਸਿਆ ਕਿ ਪ੍ਰਮੋਟਰ ਸਮੀਰ ਗਹਿਲੌਤ 2022-23 ਵਿੱਚ ਕੰਪਨੀ ਤੋਂ ਬਾਹਰ ਹੋ ਚੁੱਕੇ ਹਨ।
