Stocks ਵਿਦੇਸ਼ੀ ਪੂੰਜੀ ਦੇ ਨਿਕਾਸ ਕਰਕੇ ਸ਼ੇਅਰ ਬਾਜ਼ਾਰ ਸ਼ੁਰੂਆਤੀ ਕਾਰੋਬਾਰ ’ਚ ਚੜ੍ਹਨ ਮਗਰੋਂ ਡਿੱਗਿਆ
ਵਿਦੇਸ਼ੀ ਪੂੰਜੀ ਦੀ ਨਿਕਾਸੀ ਦਰਮਿਆਨ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਚੜ੍ਹਨ ਮਗਰੋਂ ਸੈਂਸੈਕਸ ਅਤੇ ਨਿਫਟੀ ’ਚ ਨਿਘਾਰ ਦੇਖਣ ਨੂੰ ਮਿਲਿਆ। ਇਕ ਵੇਲੇ BSE ਸੈਂਸੈਕਸ 124.18 ਅੰਕ ਵਧ ਕੇ 80,834.43 ’ਤੇ ਅਤੇ NSE ਨਿਫਟੀ 21.85 ਅੰਕ ਵਧ ਕੇ 24,671.40 ’ਤੇ ਪਹੁੰਚ ਗਿਆ। ਹਾਲਾਂਕਿ ਮਗਰੋਂ ਦੋਵਾਂ ਨੇ ਆਪਣੇ ਸ਼ੁਰੂਆਤੀ ਲਾਭ ਗੁਆ ਦਿੱਤੇ ਅਤੇ ਗਿਰਾਵਟ ਨਾਲ ਕਾਰੋਬਾਰ ਸ਼ੁਰੂ ਕੀਤਾ। ਸੈਂਸੈਕਸ 82.53 ਅੰਕ ਡਿੱਗ ਕੇ 80,627.72 'ਤੇ ਆ ਗਿਆ ਅਤੇ ਨਿਫਟੀ 29 ਅੰਕ ਡਿੱਗ ਕੇ 24,620.55 ’ਤੇ ਪਹੁੰਚ ਗਿਆ।
ਸੈਂਸੈਕਸ ’ਤੇ ਸੂਚੀਬੱਧ 30 ਕੰਪਨੀਆਂ ਵਿੱਚੋਂ ਐੱਚਸੀਐੱਲ ਤਕਨਾਲੋਜੀ, ਇਨਫੋਸਿਸ, ਸਨ ਫਾਰਮਾਸਿਊਟੀਕਲਜ਼, ਟੈੱਕ ਮਹਿੰਦਰਾ, ਇਟਰਨਲ (ਪਹਿਲਾਂ ਜ਼ੋਮੈਟੋ), ਟਾਟਾ ਕੰਸਲਟੈਂਸੀ ਸਰਵਸਿਜ਼, ਮਹਿੰਦਰਾ ਐਂਡ ਮਹਿੰਦਰਾ, ਬਜਾਜ ਫਾਇਨਾਂਸ, ਰਿਲਾਇੰਸ ਇੰਡਸਟਰੀਜ਼ ਅਤੇ ਐੱਚਡੀਐੱਫਸੀ ਬੈਂਕ ਦੇ ਸ਼ੇਅਰ ਘਾਟੇ ਵਿੱਚ ਸਨ। ਟਰੈਂਟ, ਅਡਾਨੀ ਪੋਰਟਸ, ਭਾਰਤੀ ਏਅਰਟੈੱਲ, ਕੋਟਕ ਮਹਿੰਦਰਾ ਬੈਂਕ, ਆਈਸੀਆਈਸੀਆਈ ਬੈਂਕ, ਮਾਰੂਤੀ, ਅਲਟਰਾਟੈੱਕ ਸੀਮਿੰਟ, ਏਸ਼ੀਅਨ ਪੇਂਟਸ, ਐੱਸਬੀਆਈ ਤੇ BEL ਦੇ ਸ਼ੇਅਰ ਮੁਨਾਫ਼ੇ ਵਿਚ ਰਹੇ। ਏਸ਼ਿਆਈ ਬਾਜ਼ਾਰਾਂ ਵਿੱਚ, ਚੀਨ ਦਾ ਸ਼ੰਘਾਈ ਐਸਐਸਈ ਕੰਪੋਜ਼ਿਟ ਅਤੇ ਜਾਪਾਨ ਦਾ ਨਿੱਕੇਈ 225 ਲਾਭ ਵਿੱਚ ਸਨ ਜਦੋਂ ਕਿ ਹਾਂਗ ਕਾਂਗ ਦਾ ਹੈਂਗ ਸੇਂਗ ਅਤੇ ਦੱਖਣੀ ਕੋਰੀਆ ਦਾ ਕੋਸਪੀ ਘਾਟੇ ਵਿੱਚ ਸਨ। ਮੰਗਲਵਾਰ ਨੂੰ ਅਮਰੀਕੀ ਬਾਜ਼ਾਰ ਨਕਾਰਾਤਮਕ ਰੁਝਾਨ ਨਾਲ ਬੰਦ ਹੋਏ।
ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 15 ਪੈਸੇ ਵਧ ਕੇ 87.73 ਰੁਪਏ ਪ੍ਰਤੀ ਡਾਲਰ 'ਤੇ ਪਹੁੰਚ ਗਿਆ, ਜਦੋਂ ਕਿ ਬਾਜ਼ਾਰ ਰਿਜ਼ਰਵ ਬੈਂਕ ਦੀ MPC ਮੀਟਿੰਗ ਦੇ ਨਤੀਜੇ ਦੀ ਉਡੀਕ ਕਰ ਰਹੇ ਸਨ।