Stocks ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ 104 ਅੰਕ ਤੇ ਨਿਫਟੀ 55.85 ਅੰਕ ਚੜ੍ਹਿਆ
ਵਿਦੇਸ਼ੀ ਨਿਵੇਸ਼ਕਾਂ ਵੱਲੋਂ ਖਰੀਦਦਾਰੀ ਤੇ ਅਮਰੀਕੀ ਬਾਜ਼ਾਰਾਂ ਵਿਚ ਤੇਜ਼ੀ ਦਰਮਿਆਨ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ ਤੇ ਨਿਫਟੀ ਸਕਾਰਾਤਮਕ ਦਾਇਰੇ ਵਿਚ ਕਾਰੋਬਾਰ ਕਰ ਰਹੇ ਸਨ। ਏਸ਼ਿਆਈ ਬਾਜ਼ਾਰਾਂ ਵਿੱਚ ਮਜ਼ਬੂਤ ਰੁਝਾਨ ਨੇ ਨਿਵੇਸ਼ਕਾਂ ਵਿੱਚ ਉਮੀਦ ਨੂੰ ਹੋਰ ਵਧਾ ਦਿੱਤਾ ਹੈ। ਇਸ ਸਮੇਂ ਦੌਰਾਨ 30-ਸ਼ੇਅਰਾਂ ਵਾਲਾ BSE ਸੈਂਸੈਕਸ 104.84 ਅੰਕ ਵਧ ਕੇ 79,962.63 ’ਤੇ ਪਹੁੰਚ ਗਿਆ। ਇਸੇ ਤਰ੍ਹਾਂ NSE ਨਿਫਟੀ 55.85 ਅੰਕ ਵਧ ਕੇ 24,419.15 ’ਤੇ ਪਹੁੰਚ ਗਿਆ।
ਸੈਂਸੈਕਸ ਕੰਪਨੀਆਂ ਵਿੱਚੋਂ ਸਟੇਟ ਬੈਂਕ ਆਫ਼ ਇੰਡੀਆ, ਟ੍ਰੇਂਟ, NTPC, ਟਾਟਾ ਮੋਟਰਜ਼, ਅਲਟਰਾਟੈਕ ਸੀਮੈਂਟ ਅਤੇ ਕੋਟਕ ਮਹਿੰਦਰਾ ਬੈਂਕ ਦੇ ਸ਼ੇਅਰਾਂ ਵਿੱਚ ਕਾਫ਼ੀ ਵਾਧਾ ਹੋਇਆ। ਦੂਜੇ ਪਾਸੇ ਟਾਈਟਨ, ICICI ਬੈਂਕ, HCL ਟੈਕ ਅਤੇ ਬਜਾਜ ਫਿਨਸਰਵ ਦੇ ਸ਼ੇਅਰਾਂ ਵਿੱਚ ਗਿਰਾਵਟ ਆਈ। ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ਸ਼ੁੱਕਰਵਾਰ ਨੂੰ 1,932.81 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.45 ਪ੍ਰਤੀਸ਼ਤ ਡਿੱਗ ਕੇ $66.29 ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ।
ਉਧਰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ 8 ਪੈਸੇ ਵਧ ਕੇ 87.50 ’ਤੇ ਪਹੁੰਚ ਗਿਆ। ਅਮਰੀਕੀ ਮੁਦਰਾ ਵਿੱਚ ਕਮਜ਼ੋਰੀ ਕਾਰਨ ਨਿਵੇਸ਼ਕ ਰੂਸ ਅਤੇ ਅਮਰੀਕਾ ਵਿਚਕਾਰ ਹੋਣ ਵਾਲੀ ਗੱਲਬਾਤ ਤੋਂ ਸੰਕੇਤਾਂ ਦੀ ਉਡੀਕ ਕਰ ਰਹੇ ਹਨ। ਫਾਰੈਕਸ ਵਪਾਰੀਆਂ ਨੇ ਕਿਹਾ ਕਿ ਸੋਮਵਾਰ ਨੂੰ ਭਾਰਤੀ ਰੁਪਿਆ ਥੋੜ੍ਹਾ ਜਿਹਾ ਉੱਚਾ ਖੁੱਲ੍ਹਿਆ। ਅਮਰੀਕੀ ਡਾਲਰ ਦੇ ਮੁਕਾਬਲੇ ਇਸ ਦੇ 87.25 ਤੋਂ 87.80 ਦੇ ਦਾਇਰੇ ਵਿੱਚ ਰਹਿਣ ਦੀ ਉਮੀਦ ਹੈ।