Stocks ਸੈਂਸੈਕਸ ਤੇ ਨਿਫਟੀ ਵੱਲੋਂ ਮਜ਼ਬੂਤ ਸ਼ੁਰੂਆਤ, ਵਿਕਰੀ ਦਾ ਦਬਾਅ ਨਜ਼ਰ ਆਇਆ
ਘਰੇਲੂ ਸ਼ੇਅਰ ਬਾਜ਼ਾਰਾਂ ਸੈਂਸੈਕਸ ਤੇ ਨਿਫਟੀ ਨੇ ਵੀਰਵਾਰ ਨੂੰ ਮਜ਼ਬੂਤੀ ਨਾਲ ਸ਼ੁਰੂਆਤ ਕੀਤੀ, ਪਰ ਮਗਰੋਂ ਉਨ੍ਹਾਂ ਵਿਚ ਵਿਕਰੀ ਦਾ ਦਬਾਅ ਦੇਖਣ ਨੂੰ ਮਿਲਿਆ। ਬੀਐੱਸਈ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 119.05 ਅੰਕਾਂ ਦੇ ਉਛਾਲ ਨਾਲ 82,753.53 ’ਤੇ ਪਹੁੰਚ ਗਿਆ ਜਦੋਂ ਕਿ ਐੱਨਐੰਸਈ ਨਿਫਟੀ 18.7 ਅੰਕ ਵਧ ਕੇ 25,230.75 ਨੂੰ ਪਹੁੰਚ ਗਿਆ। ਹਾਲਾਂਕਿ ਮਗਰੋਂ ਬੀਐੱਸਈ ਸੈਂਸੈਕਸ 71.51 ਅੰਕ ਡਿੱਗ ਕੇ 82,554.47 ’ਤੇ ਅਤੇ ਨਿਫਟੀ 30.30 ਅੰਕ ਡਿੱਗ ਕੇ 25,182.55 ’ਤੇ ਆ ਗਿਆ।
ਸੈਂਸੈਕਸ ’ਤੇ ਸੂਚੀਬੱਧ 30 ਕੰਪਨੀਆਂ ਵਿੱਚੋਂ ਸਨ ਫਾਰਮਾ, ਟਾਟਾ ਮੋਟਰਜ਼, ਕੋਟਕ ਮਹਿੰਦਰਾ ਬੈਂਕ, ਟਰੈਂਟ, ਐਨਟੀਪੀਸੀ ਅਤੇ ਭਾਰਤ ਇਲੈਕਟ੍ਰਾਨਿਕਸ ਦੇ ਸ਼ੇਅਰ ਲਾਭ ਵਿੱਚ ਸਨ। ਟੈਕ ਮਹਿੰਦਰਾ ਦੇ ਸ਼ੇਅਰ ਇੱਕ ਪ੍ਰਤੀਸ਼ਤ ਤੋਂ ਵੱਧ ਡਿੱਗ ਗਏ।
ਆਈਸੀਆਈਸੀਆਈ ਬੈਂਕ, ਈਟਰਨਲ (ਪਹਿਲਾਂ ਜ਼ੋਮੈਟੋ), ਸਟੇਟ ਬੈਂਕ ਆਫ਼ ਇੰਡੀਆ ਅਤੇ ਏਸ਼ੀਅਨ ਪੇਂਟਸ ਦੇ ਸ਼ੇਅਰਾਂ ਨੂੰ ਵੀ ਨੁਕਸਾਨ ਹੋਇਆ। ਏਸ਼ਿਆਈ ਬਾਜ਼ਾਰਾਂ ਵਿੱਚ ਜਾਪਾਨ ਦਾ ਨਿੱਕੇਈ 225, ਚੀਨ ਦਾ ਸ਼ੰਘਾਈ ਐਸਐਸਈ ਕੰਪੋਜ਼ਿਟ ਅਤੇ ਹਾਂਗ ਕਾਂਗ ਦਾ ਹੈਂਗ ਸੇਂਗ ਮੁਨਾਫੇ ਵਿੱਚ ਸਨ ਜਦੋਂ ਕਿ ਦੱਖਣੀ ਕੋਰੀਆ ਦਾ ਕੋਸਪੀ ਘਾਟੇ ਵਿੱਚ ਸੀ। ਬੁੱਧਵਾਰ ਨੂੰ ਅਮਰੀਕੀ ਬਾਜ਼ਾਰ ਸਕਾਰਾਤਮਕ ਰੁਝਾਨ ਨਾਲ ਬੰਦ ਹੋਏ।
ਉਧਰ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਅਤੇ ਭਾਰਤ-ਅਮਰੀਕਾ ਵਪਾਰ ਗੱਲਬਾਤ ਸਫਲ ਰਹਿਣ ਦੀ ਆਸ ਦਰਮਿਆਨ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ 12 ਪੈਸੇ ਵਧ ਕੇ 85.80 ਪ੍ਰਤੀ ਡਾਲਰ ਨੂੰ ਪਹੁੰਚ ਗਿਆ।