Stocks ਸੈਂਸੈਕਸ ਤੇ ਨਿਫਟੀ ਸ਼ੁਰੂਆਤੀ ਕਾਰੋਬਾਰ ’ਚ ਡਿੱਗੇ
ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ 26 ਪੈਸੇ ਕਮਜ਼ੋਰ
ਮੁੰਬਈ, 7 ਜੁਲਾਈ
ਏਸ਼ਿਆਈ ਬਾਜ਼ਾਰਾਂ ਵਿੱਚ ਕਮਜ਼ੋਰ ਰੁਝਾਨ ਅਤੇ ਵਿਦੇਸ਼ੀ ਪੂੰਜੀ ਦੇ ਨਿਕਾਸ ਦਰਮਿਆਨ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ ਅਤੇ ਨਿਫਟੀ ਵਿੱਚ ਗਿਰਾਵਟ ਆਈ। ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕਾ-ਭਾਰਤ ਵਪਾਰ ਸਮਝੌਤੇ ਨਾਲ ਜੁੜੇ ਫ਼ਿਕਰਾਂ ਵਿਚਾਲੇ ਸ਼ੁਰੂਆਤੀ ਵਪਾਰ ਵਿੱਚ ਬਾਜ਼ਾਰ ਅਸਥਿਰ ਸੀ। ਭਾਰਤ ਸਣੇ ਕਈ ਹੋਰਨਾਂ ਮੁਲਕਾਂ ’ਤੇ ਲਗਾਏ ਗਏ ਅਮਰੀਕੀ ਟੈਰਿਫ ਤਿੰਨ ਮਹੀਨਿਆਂ ਲਈ ਮੁਅੱਤਲ ਕੀਤੇ ਜਾਣ ਦੀ ਮਿਆਦ 9 ਜੁਲਾਈ ਨੂੰ ਖਤਮ ਹੋ ਰਹੀ ਹੈ। ਅਮਰੀਕਾ ਨੇ ਭਾਰਤੀ ਵੱਲੋਂ ਦਰਾਮਦ ਵਸਤਾਂ ’ਤੇ 26 ਫੀਸਦ ਵਾਧੂ ਟੈਕਸ ਲਾਉਣ ਦਾ ਐਲਾਨ ਕੀਤਾ ਹੋਇਆ ਹੈ।
ਸ਼ੁਰੂਆਤੀ ਕਾਰੋਬਾਰ ਵਿੱਚ ਬੰਬੇ ਸਟਾਕ ਐਕਸਚੇਂਜ (BSE) ਸੈਂਸੈਕਸ 170.66 ਅੰਕ ਡਿੱਗ ਕੇ 83,262.23 ਅੰਕ ’ਤੇ ਆ ਗਿਆ ਜਦੋਂ ਕਿ ਐੱਨਐੰਸਈ ਨਿਫਟੀ 53.75 ਅੰਕ ਡਿੱਗ ਕੇ 25,407.25 ਅੰਕ ’ਤੇ ਪਹੁੰਚ ਗਿਆ। ਸੈਂਸੈਕਸ ਵਿੱਚ ਸੂਚੀਬੱਧ 30 ਕੰਪਨੀਆਂ ਵਿੱਚੋਂ, ਭਾਰਤ ਇਲੈਕਟ੍ਰਾਨਿਕਸ ਲਿਮਟਿਡ, ਟੈਕ ਮਹਿੰਦਰਾ, ਐਚਸੀਐਲ ਟੈਕਨਾਲੋਜੀਜ਼, ਈਟਰਨਲ, ਆਈਸੀਆਈਸੀਆਈ ਬੈਂਕ ਅਤੇ ਸਨ ਫਾਰਮਾ ਦੇ ਸ਼ੇਅਰ ਘਾਟੇ ਵਿੱਚ ਸਨ। ਟਰੇਂਟ, ਏਸ਼ੀਅਨ ਪੇਂਟਸ, ਹਿੰਦੁਸਤਾਨ ਯੂਨੀਲੀਵਰ, ਬਜਾਜ ਫਿਨਸਰਵ ਅਤੇ ਐਚਡੀਐਫਸੀ ਬੈਂਕ ਦੇ ਸ਼ੇਅਰ ਲਾਭ ਵਿੱਚ ਸਨ। ਏਸ਼ਿਆਈ ਬਾਜ਼ਾਰਾਂ ਵਿੱਚ ਜਪਾਨ ਦਾ ਨਿੱਕੇਈ 225, ਚੀਨ ਦਾ ਸ਼ੰਘਾਈ ਐਸਐਸਈ ਕੰਪੋਜ਼ਿਟ ਅਤੇ ਹਾਂਗ ਕਾਂਗ ਦਾ ਹੈਂਗ ਸੇਂਗ ਘਾਟੇ ਵਿੱਚ ਸਨ। ਦੱਖਣੀ ਕੋਰੀਆ ਦਾ ਕੋਸਪੀ ਲਾਭ ਵਿੱਚ ਸੀ। ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਸਕਾਰਾਤਮਕ ਰੁਝਾਨ ਨਾਲ ਬੰਦ ਹੋਏ।
ਘਰੇਲੂ ਸ਼ੇਅਰ ਬਾਜ਼ਾਰਾਂ ਵਿੱਚ ਕਮਜ਼ੋਰ ਸ਼ੁਰੂਆਤ ਅਤੇ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਪੂੰਜੀ ਦੀ ਨਿਕਾਸੀ ਦਰਮਿਆਨ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਰੁਪੱਈਆ ਅਮਰੀਕੀ ਡਾਲਰ ਦੇ ਮੁਕਾਬਲੇ 26 ਪੈਸੇ ਡਿੱਗ ਕੇ 85.66 ’ਤੇ ਆ ਗਿਆ।