Stocks ਸ਼ੇਅਰ ਬਾਜ਼ਾਰ ਮੂਧੇ ਮੂੰਹ, ਨਿਵੇਸ਼ਕਾਂ ਦੇ 7.46 ਲੱਖ ਕਰੋੜ ਡੁੱਬੇ
ਮੁੰਬਈ, 28 ਫਰਵਰੀ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡਾ ਤੇ ਮੈਕਸਿਕੋ ’ਤੇ 4 ਮਾਰਚ ਤੋਂ ਟੈਕਸ ਲਾਉਣ ਅਤੇ ਚੀਨ ਤੋਂ ਦਰਾਮਦ ਵਸਤਾਂ ’ਤੇ ਦਸ ਫੀਸਦ ਵਾਧੂ ਟੈਕਸ ਲਾਉਣ ਦੇ ਐਲਾਨ ਮਗਰੋਂ ਆਲਮੀ ਬਾਜ਼ਾਰਾਂ ਵਿਚ ਮਚੀ ਹਲਚਲ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰ ’ਤੇ ਵੀ ਨਜ਼ਰ ਆਇਆ ਹੈ।
ਘਰੇਲੂ ਸ਼ੇਅਰ ਬਾਜ਼ਾਰ ਵਿਚ ਸ਼ੁੱਕਰਵਾਰ ਨੂੰ ਜ਼ਬਰਦਸਤ ਨਿਘਾਰ ਦੇਖਣ ਨੂੰ ਮਿਲਿਆ, ਜਿਸ ਨਾਲ ਨਿਵੇਸ਼ਕਾਂ ਨੂੰ 7.46 ਲੱਖ ਕਰੋੜ ਰੁਪਏ ਦਾ ਵੱਡਾ ਨੁਕਸਾਨ ਹੋਇਆ। ਬੰਬੇ ਸਟਾਕ ਐਕਸਚੇਂਜ ਦਾ ਸੈਂਸੈਕਸ 1,073 ਅੰਕ ਡਿੱਗ ਗਿਆ ਜਿਸ ਦਾ ਅਸਰ ਨਿਵੇਸ਼ਕਾਂ ਦੀ ਸੰਪਤੀ ’ਤੇ ਵੀ ਨਜ਼ਰ ਆਇਆ।
ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ (ਸੂਚਕ ਅੰਕ) 1073.48 ਅੰਕ ਡਿੱਗ ਕੇ 73,538.95 ਦੇ ਪੱਧਰ ਨੂੰ ਪਹੁੰਚ ਗਿਆ ਹੈ। ਉਧਰ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 327.55 ਨੁਕਤਿਆਂ ਦੇ ਨਿਘਾਰ ਨਾਲ 22,217.50 ਦੇ ਪੱਧਰ ’ਤੇ ਆ ਗਿਆ।
ਸ਼ੇਅਰ ਬਾਜ਼ਾਰ ਦੇ ਮੂਧੇ ਮੂੰਹ ਹੋਣ ਕਰਕੇ ਬੀਐੱਸਈ ਵਿਚ ਸੂਚੀਬੰਦ ਕੰਪਨੀਆਂ ਦਾ ਮਾਰਕੀਟ ਕੈਪੀਟਲ 7,46,647.62 ਕਰੋੜ ਰੁਪਏ ਘੱਟ ਕੇ 3,85,63,562.91 ਕਰੋੜ ਰੁਪਏ (4.42 ਟ੍ਰਿਲੀਅਨ ਅਮਰੀਕੀ ਡਾਲਰ) ਰਹਿ ਗਿਆ।
ਸੈਂਸੈਕਸ ਪੈਕ ਵਿਚੋਂ ਇੰਡਸਇੰਡ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਟੈੱਕ ਮਹਿੰਦਰਾ, ਐੱਚਸੀਐੱਲ ਟੈੱਕ, ਇਨਫੋਸਿਸ, ਟਾਟਾ ਸਟੀਲ, ਟਾਟਾ ਮੋਟਰਜ਼ ਤੇ ਮਾਰੂਤੀ ਦੇ ਸ਼ੇਅਰਾਂ ਨੂੰ ਸਭ ਤੋਂ ਵਧ ਮਾਰ ਪਈ।
ਉਧਰ ਐਕਸਿਸ ਬੈਂਕ, ਅਡਾਨੀ ਪੋਰਟਸ, ਰਿਲਾਇੰਸ ਇੰਡਸਟਰੀਜ਼ ਤੇ ਐੱਚਡੀਐੱਫਸੀ ਬੈਂਕ ਦੇ ਸ਼ੇਅਰਾਂ ਨੇ ਵੱਡਾ ਮੁਨਾਫ਼ਾ ਖੱਟਿਆ।
ਏਸ਼ਿਆਈ ਮਾਰਕੀਟਾਂ ਸਿਓਲ, ਟੋਕੀਓ, ਸ਼ੰਘਾਈ ਤੇ ਹਾਂਗ ਕਾਂਗ ਵਿਚ ਗਿਰਾਵਟ ਦੇਖਣ ਨੂੰ ਮਿਲੀ। ਵੀਰਵਾਰ ਨੂੰ ਅਮਰੀਕੀ ਮਾਰਕੀਟ ਵਿਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਸੀ। -ਪੀਟੀਆਈ