Stock Market: ਬੁੱਧਵਾਰ ਨੂੰ ਸ਼ੁਰੂਆਤ ਦੌਰਾਨ ਸ਼ੇਅਰ ਬਾਜ਼ਾਰਾਂ ਵਿੱਚ ਤੇਜ਼ੀ
ਸ਼ੇਅਰ ਬਾਜ਼ਾਰਾਂ ਦੇ ਸੂਚਕ ਸੈਂਸੈਕਸ ਅਤੇ ਨਿਫਟੀ ਵਿੱਚ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਵਾਧਾ ਹੋਇਆ। ਅਮਰੀਕੀ ਮਹਿੰਗਾਈ ਦੇ ਸਥਿਰ ਅੰਕੜਿਆਂ ਨੇ ਵਿਸ਼ਵ ਬਾਜ਼ਾਰਾਂ ਵਿੱਚ ਤੇਜ਼ੀ ਲਿਆਂਦੀ ਹੈ। ਇਸ ਤੋਂ ਇਲਾਵਾ ਜੁਲਾਈ ਵਿੱਚ ਪ੍ਰਚੂਨ ਮਹਿੰਗਾਈ ਦਰ ਦੇ 8 ਸਾਲਾਂ ਦੇ ਹੇਠਲੇ ਪੱਧਰ 1.55 ਫੀਸਦੀ ਤੱਕ ਘਟਣ ਨਾਲ ਵੀ ਘਰੇਲੂ ਸ਼ੇਅਰਾਂ ਵਿੱਚ ਸਕਾਰਾਤਮਕ ਰੁਝਾਨ ਦੇਖਣ ਨੂੰ ਮਿਲਿਆ।
ਸ਼ੁਰੂਆਤੀ ਕਾਰੋਬਾਰ ਵਿੱਚ 30 ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 327.79 ਅੰਕ ਚੜ੍ਹ ਕੇ 80,563.38 ’ਤੇ ਪਹੁੰਚ ਗਿਆ। 50 ਸ਼ੇਅਰਾਂ ਵਾਲਾ ਐਨਐੱਸਈ ਨਿਫਟੀ 112.15 ਅੰਕ ਵੱਧ ਕੇ 24,599.55 ’ਤੇ ਪਹੁੰਚ ਗਿਆ। ਸੈਂਸੈਕਸ ਕੰਪਨੀਆਂ ਵਿੱਚੋਂ ਭਾਰਤ ਇਲੈਕਟ੍ਰਾਨਿਕਸ, ਟਾਟਾ ਮੋਟਰਜ਼, ਪਾਵਰ ਗ੍ਰਿੱਡ, ਟਾਟਾ ਸਟੀਲ, ਈਟਰਨਲ ਅਤੇ ਇਨਫੋਸਿਸ ਲਾਭਕਾਰੀ ਸਨ। ਹਾਲਾਂਕਿ ਮਾਰੂਤੀ, ਟੈੱਕ ਮਹਿੰਦਰਾ, ਐੱਚਸੀਐੱਲ. ਟੈੱਕ ਅਤੇ ਬਜਾਜ ਫਿਨਸਰਵ ਨੁਕਸਾਨ ਵਾਲੇ ਸਨ।
ਉਧਰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪੱਈਆ 6 ਪੈਸੇ ਡਿੱਗ ਕੇ 87.69 ’ਤੇ ਆ ਗਿਆ। -ਪੀਟੀਆਈ