ਅਮਰੀਕੀ ਫੈਡਰਲ ਬੈਂਕ ਵੱਲੋਂ ਵਿਆਜ ਦਰਾਂ ’ਚ ਕਟੌਤੀ ਦੇ ਅਨੁਮਾਨਾਂ ਦਰਮਿਆਨ ਸ਼ੇਅਰ ਬਾਜ਼ਾਰ ਸ਼ੁਰੂਆਤੀ ਕਾਰੋਬਾਰ ’ਚ ਚੜ੍ਹਿਆ
ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਅਗਲੇ ਹਫ਼ਤੇ ਵਿਆਜ ਦਰਾਂ ਵਿਚ ਕਟੌਤੀ ਦੇ ਅਨੁਮਾਨਾਂ ਦਰਮਿਆਨ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ ਅਤੇ ਨਿਫਟੀ ਦੇ ਸੂਚਕ ਅੰਕ ਆਲਮੀ ਬਾਜ਼ਾਰ ਵਿੱਚ ਤੇਜ਼ੀ ਦੇ ਨਾਲ ਵਧੇ। ਸ਼ੁਰੂਆਤੀ ਕਾਰੋਬਾਰ ਵਿੱਚ 30-ਸ਼ੇਅਰਾਂ ਵਾਲਾ BSE ਸੈਂਸੈਕਸ 287.93 ਅੰਕ ਚੜ੍ਹ ਕੇ 81,836.66 ਅੰਕ ’ਤੇ ਪਹੁੰਚ ਗਿਆ। 50-ਸ਼ੇਅਰਾਂ ਵਾਲਾ NSE ਨਿਫਟੀ 84.25 ਅੰਕ ਵਧ ਕੇ 25,089.75 ਅੰਕ ’ਤੇ ਪਹੁੰਚ ਗਿਆ। ਉਧਰ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ 7 ਪੈਸੇ ਡਿੱਗ ਕੇ 88.42 ਨੂੰ ਪਹੁੰਚ ਗਿਆ।
ਸੈਂਸੈਕਸ ਫਰਮਾਂ ਵਿੱਚੋਂ ਇਨਫੋਸਿਸ 1.50 ਪ੍ਰਤੀਸ਼ਤ ਚੜ੍ਹ ਗਿਆ ਜਦੋਂ IT ਸੇਵਾਵਾਂ ਦੀ ਦਿੱਗਜ ਕੰਪਨੀ ਨੇ ਕਿਹਾ ਕਿ ਉਸ ਦੇ ਬੋਰਡ ਨੇ ਕੰਪਨੀ ਦੇ 18,000 ਕਰੋੜ ਰੁਪਏ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਸ਼ੇਅਰ ਬਾਇਬੈਕ ਪ੍ਰੋਗਰਾਮ ਨੂੰ ਮਨਜ਼ੂਰੀ ਦੇ ਦਿੱਤੀ ਹੈ। ਟਾਟਾ ਮੋਟਰਜ਼, ਮਾਰੂਤੀ, ਮਹਿੰਦਰਾ ਐਂਡ ਮਹਿੰਦਰਾ, ਐਕਸਿਸ ਬੈਂਕ ਅਤੇ ਲਾਰਸਨ ਐਂਡ ਟੂਬਰੋ ਵੀ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਸਨ। ਹਾਲਾਂਕਿ, ਹਿੰਦੁਸਤਾਨ ਯੂਨੀਲੀਵਰ, HDFC ਬੈਂਕ, ਸਟੇਟ ਬੈਂਕ ਆਫ਼ ਇੰਡੀਆ ਅਤੇ ਟਾਈਟਨ ਪਛੜ ਗਏ। ਏਸ਼ਿਆਈ ਬਾਜ਼ਾਰਾਂ ਵਿੱਚ, ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ 225 ਸੂਚਕ ਅੰਕ, ਸ਼ੰਘਾਈ ਦਾ ਐਸਐਸਈ ਕੰਪੋਜ਼ਿਟ ਸੂਚਕ ਅੰਕ ਅਤੇ ਹਾਂਗ ਕਾਂਗ ਦਾ ਹੈਂਗ ਸੇਂਗ ਸਕਾਰਾਤਮਕ ਖੇਤਰ ਵਿੱਚ ਕਾਰੋਬਾਰ ਕਰਦੇ ਰਹੇ। ਵੀਰਵਾਰ ਨੂੰ ਅਮਰੀਕੀ ਬਾਜ਼ਾਰ ਉੱਚ ਪੱਧਰ ’ਤੇ ਬੰਦ ਹੋਏ।