ਸ਼ੇਅਰ ਬਾਜ਼ਾਰ ਸ਼ੁਰੂਆਤੀ ਕਾਰੋਬਾਰ ਵਿਚ 443 ਅੰਕ ਚੜ੍ਹਿਆ
Indian Share Market: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਇਸ ਐਲਾਨ ਕਿ ਅਮਰੀਕਾ ਤੇ ਭਾਰਤ ਵਪਾਰਕ ਅੜਿੱਕਿਆਂ ਨੂੰ ਦੂਰ ਕਰਨ ਲਈ ਗੱਲਬਾਤ ਜ਼ਰੀਏ ਅੱਗੇ ਵੱਧ ਰਹੇ ਹਨ ਮਗਰੋਂ ਸਥਾਨਕ ਸਟਾਕ ਮਾਰਕੀਟ ਬੁੱਧਵਾਰ ਨੂੰ ਵੱਡੇ ਵਾਧੇ ਨਾਲ ਖੁੱਲ੍ਹਿਆ। ਆਈਟੀ ਸਟਾਕਾਂ ਵਿੱਚ ਵਾਧੇ ਨੇ ਵੀ ਬਾਜ਼ਾਰ ਨੂੰ ਮਜ਼ਬੂਤੀ ਦਿੱਤੀ।
ਸ਼ੁਰੂਆਤੀ ਕਾਰੋਬਾਰ ਵਿੱਚ 30-ਸ਼ੇਅਰਾਂ ਵਾਲਾ ਬੀਐਸਈ ਸੈਂਸੈਕਸ 442.59 ਅੰਕ ਵਧ ਕੇ 81,543.91 ਅੰਕ ’ਤੇ ਪਹੁੰਚ ਗਿਆ। 50-ਸ਼ੇਅਰਾਂ ਵਾਲਾ ਐਨਐਸਈ ਨਿਫਟੀ 124.2 ਅੰਕ ਵਧ ਕੇ 24,992.80 ’ਤੇ ਕਾਰੋਬਾਰ ਕਰ ਰਿਹਾ ਸੀ। ਸੈਂਸੈਕਸ ਕੰਪਨੀਆਂ ਵਿੱਚ, ਐਚਸੀਐਲ ਟੈਕ, ਟਾਟਾ ਕੰਸਲਟੈਂਸੀ ਸਰਵਿਸਿਜ਼, ਟੈਕ ਮਹਿੰਦਰਾ, ਲਾਰਸਨ ਐਂਡ ਟੂਬਰੋ, ਇਨਫੋਸਿਸ ਅਤੇ ਕੋਟਕ ਮਹਿੰਦਰਾ ਬੈਂਕ ਦੇ ਸ਼ੇਅਰ ਲਾਭ ਵਿੱਚ ਸਨ। ਹਾਲਾਂਕਿ, ਮਹਿੰਦਰਾ ਐਂਡ ਮਹਿੰਦਰਾ, ਮਾਰੂਤੀ, ਟਾਟਾ ਮੋਟਰਜ਼ ਅਤੇ ਸਨ ਫਾਰਮਾ ਦੇ ਸ਼ੇਅਰ ਘਾਟੇ ਵਿੱਚ ਕਾਰੋਬਾਰ ਕਰ ਰਹੇ ਸਨ।
ਏਸ਼ਿਆਈ ਬਾਜ਼ਾਰਾਂ ਵਿੱਚ, ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ, ਚੀਨ ਦਾ ਸ਼ੰਘਾਈ ਕੰਪੋਜ਼ਿਟ ਹਾਂਗ ਕਾਂਗ ਦਾ ਹੈਂਗ ਸੇਂਗ ਵੀ ਸਕਾਰਾਤਮਕ ਜ਼ੋਨ ਵਿੱਚ ਵਪਾਰ ਕਰ ਰਿਹਾ ਸੀ। ਮੰਗਲਵਾਰ ਨੂੰ ਅਮਰੀਕੀ ਬਾਜ਼ਾਰ ਵਾਧੇ ਨਾਲ ਬੰਦ ਹੋਏ। ਕਈ ਦਿਨਾਂ ਤੱਕ ਸ਼ੇਅਰ ਵੇਚਣ ਤੋਂ ਬਾਅਦ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FII) ਨੇ ਵੀ ਮੰਗਲਵਾਰ ਨੂੰ ਖਰੀਦਦਾਰੀ ਕੀਤੀ। ਐਕਸਚੇਂਜ ਡੇਟਾ ਅਨੁਸਾਰ ਉਨ੍ਹਾਂ ਨੇ 2,050.46 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
ਗਲੋਬਲ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.87 ਪ੍ਰਤੀਸ਼ਤ ਵਧ ਕੇ $66.95 ਪ੍ਰਤੀ ਬੈਰਲ ਹੋ ਗਿਆ। ਮੰਗਲਵਾਰ ਨੂੰ 30 ਸ਼ੇਅਰਾਂ ਵਾਲਾ ਬੀਐਸਈ ਸੈਂਸੈਕਸ 314.02 ਅੰਕ ਯਾਨੀ 0.39 ਫੀਸਦ ਵਧ ਕੇ 81,101.32 ’ਤੇ ਬੰਦ ਹੋਇਆ। ਨਿਫਟੀ 95.45 ਅੰਕ ਭਾਵ 0.39 ਫੀਸਦ ਵਧ ਕੇ 24,868.60 'ਤੇ ਬੰਦ ਹੋਇਆ।
ਇੋਸ ਦੌਰਾਨ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FII) ਦੇ ਪ੍ਰਵਾਹ ਅਤੇ ਵਿਦੇਸ਼ੀ ਹੋਰ ਮੁਦਰਾਵਾਂ ਦੇ ਮੁਕਾਬਲੇ ਡਾਲਰ ਵਿੱਚ ਕਮਜ਼ੋਰੀ ਕਾਰਨ ਭਾਰਤੀ ਰੁਪੱਈਆ 5 ਪੈਸੇ ਵਧ ਕੇ 88.10 ਪ੍ਰਤੀ ਡਾਲਰ ’ਤੇ ਖੁੱਲ੍ਹਿਆ। ਹਾਲਾਂਕਿ, ਵਿਦੇਸ਼ੀ ਮੁਦਰਾ ਵਪਾਰੀਆਂ ਨੇ ਕਿਹਾ ਕਿ ਵਿਸ਼ਵ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਮਾਮੂਲੀ ਵਾਧੇ ਨੇ ਸਥਾਨਕ ਮੁਦਰਾ ਵਿੱਚ ਤੇਜ਼ ਵਾਧੇ ਨੂੰ ਸੀਮਤ ਕਰ ਦਿੱਤਾ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਭਾਰਤੀ ਰੁਪੱਈਆ ਅਮਰੀਕੀ ਡਾਲਰ ਦੇ ਮੁਕਾਬਲੇ 88.11 'ਤੇ ਖੁੱਲ੍ਹਿਆ ਅਤੇ ਫਿਰ 88.10 'ਤੇ ਡਿੱਗ ਗਿਆ, ਜੋ ਕਿ ਇਸ ਦੇ ਪਿਛਲੇ ਬੰਦ ਤੋਂ 5 ਪੈਸੇ ਵੱਧ ਹੈ।