ਸ਼ੁਰੂਆਤੀ ਕਾਰੋਬਾਰ ਵਿਚ ਸ਼ੇਅਰ ਮਾਰਕੀਟ ’ਚ ਗਿਰਾਵਟ, ਅਡਾਨੀ ਸਮੂਹ ਦੇ ਸ਼ੇਅਰਾਂ ’ਚ ਉਛਾਲ
Adani Group Share Price: ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਆਈਸੀਆਈਸੀਆਈ ਬੈਂਕ ਵਰਗੀਆਂ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਮੁਨਾਫਾ ਵਸੂਲੀ ਦਰਮਿਆਨ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਪ੍ਰਮੁੱਖ ਸਟਾਕ ਸੂਚਕ ਅੰਕ ਸੈਂਸੈਕਸ ਅਤੇ ਨਿਫਟੀ ਵਿੱਚ ਗਿਰਾਵਟ ਆਈ। ਇਸ ਦੌਰਾਨ 30 ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 264.36 ਅੰਕ ਡਿੱਗ ਕੇ 82,749.60 ’ਤੇ ਆ ਗਿਆ।
ਦੂਜੇ ਪਾਸੇ, 50 ਸ਼ੇਅਰਾਂ ਵਾਲਾ ਐਨਐਸਈ ਨਿਫਟੀ 65 ਅੰਕ ਡਿੱਗ ਕੇ 25,358.60 ’ਤੇ ਪਹੁੰਚ ਗਿਆ। ਸੈਂਸੈਕਸ ਕੰਪਨੀਆਂ ਵਿੱਚੋਂ ਟਾਟਾ ਕੰਸਲਟੈਂਸੀ ਸਰਵਿਸਿਜ਼, ਟਾਈਟਨ, ਆਈਸੀਆਈਸੀਆਈ ਬੈਂਕ, ਪਾਵਰ ਗਰਿੱਡ, ਮਹਿੰਦਰਾ ਐਂਡ ਮਹਿੰਦਰਾ ਅਤੇ ਐਚਸੀਐਲ ਟੈਕ ਵਿੱਚ ਗਿਰਾਵਟ ਆਈ।
ਉਧਰ ਅਡਾਨੀ ਪੋਰਟਸ, ਭਾਰਤ ਇਲੈਕਟ੍ਰਾਨਿਕਸ, ਲਾਰਸਨ ਐਂਡ ਟੂਬਰੋ, ਅਤੇ ਐਨਟੀਪੀਸੀ ਵਿੱਚ ਤੇਜ਼ੀ ਰਹੀ। ਸਵੇਰ ਦੇ ਕਾਰੋਬਾਰ ਵਿੱਚ ਅਡਾਨੀ ਗਰੁੱਪ ਦੇ ਸਾਰੇ ਸਟਾਕ ਵਧੇ। ਉਦਯੋਗਪਤੀ ਗੌਤਮ ਅਡਾਨੀ ਨੂੰ ਰਾਹਤ ਦਿੰਦੇ ਹੋਏ, ਮਾਰਕੀਟ ਰੈਗੂਲੇਟਰ ਸੇਬੀ ਨੇ ਵੀਰਵਾਰ ਨੂੰ ਅਮਰੀਕੀ ਸ਼ਾਰਟ-ਸੈੱਲਰ ਹਿੰਡਨਬਰਗ ਰਿਸਰਚ ਵੱਲੋਂ ਉਨ੍ਹਾਂ ਅਤੇ ਅਡਾਨੀ ਗਰੁੱਪ ਵਿਰੁੱਧ ਲਗਾਏ ਗਏ ਦੋਸ਼ਾਂ ਨੂੰ ਖਾਰਜ ਕਰ ਦਿੱਤਾ।
ਗਰੁੱਪ ਸਟਾਕਾਂ ਵਿੱਚੋਂ ਅਡਾਨੀ ਟੋਟਲ ਗੈਸ 13.27 ਫੀਸਦ, ਅਡਾਨੀ ਪਾਵਰ 8.89 ਫੀਸਦ, ਅਡਾਨੀ ਗ੍ਰੀਨ ਐਨਰਜੀ 5.45 ਫੀਸਦ ਅਤੇ ਅਡਾਨੀ ਐਂਟਰਪ੍ਰਾਈਜ਼ 5.23 ਫੀਸਦ ਵਧਿਆ। ਗਲੋਬਲ ਆਇਲ ਇੰਡੈਕਸ ਬ੍ਰੈਂਟ ਕਰੂਡ 0.15 ਪ੍ਰਤੀਸ਼ਤ ਡਿੱਗ ਕੇ $67.34 ਪ੍ਰਤੀ ਬੈਰਲ ਹੋ ਗਿਆ। ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ਵੀਰਵਾਰ ਨੂੰ 366.69 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
ਇਸ ਦੌਰਾਨ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ 7 ਪੈਸੇ ਟੁੱਟ ਕੇ 88.27 ਨੂੰ ਪਹੁੰਚ ਗਿਆ ਹੈ।