ਵਿਦੇਸ਼ੀ ਫੰਡਾਂ ਦੀ ਨਿਕਾਸੀ ਕਾਰਨ ਸ਼ੇਅਰ ਬਜ਼ਾਰ ਡਿੱਗਿਆ
ਬਲੂ-ਚਿੱਪ ਸ਼ੇਅਰਾਂ ਵਿੱਚ ਲਾਭ ਕਮਾਉਣ ਅਤੇ ਵਿਦੇਸ਼ੀ ਫੰਡਾਂ ਦੀ ਲਗਾਤਾਰ ਨਿਕਾਸੀ ਕਾਰਨ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਵਿੱਚ ਗਿਰਾਵਟ ਦਰਜ ਕੀਤੀ ਗਈ। ਸਕਾਰਾਤਮਕ ਸ਼ੁਰੂਆਤ ਦੇ ਬਾਵਜੂਦ 30-ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ ਅੱਗੇ ਵਧਣ ਵਿੱਚ ਅਸਫਲ ਰਿਹਾ ਅਤੇ ਹੇਠਾਂ ਆ ਗਿਆ। ਸ਼ੁਰੂਆਤੀ ਕਾਰੋਬਾਰ ਵਿੱਚ ਬੈਂਚਮਾਰਕ 130.92 ਅੰਕ ਡਿੱਗ ਕੇ 82,595.72 ’ਤੇ ਆ ਗਿਆ। 50-ਸ਼ੇਅਰਾਂ ਵਾਲਾ ਐੱਨਐੱਸਈ ਨਿਫਟੀ 23 ਅੰਕ ਡਿੱਗ ਕੇ 25,196.90 ’ਤੇ ਆ ਗਿਆ।
ਸੈਂਸੈਕਸ ਫਰਮਾਂ ਵਿੱਚੋਂ ਟ੍ਰੈਂਟ, ਕੋਟਕ ਮਹਿੰਦਰਾ ਬੈਂਕ, ਅਲਟਰਾਟੈੱਕ ਸੀਮਿੰਟ, ਬਜਾਜ ਫਾਈਨਾਂਸ, ਟੈੱਕ ਮਹਿੰਦਰਾ, ਟਾਟਾ ਕੰਸਲਟੈਂਸੀ ਸਰਵਿਸਿਜ਼, ਇਨਫੋਸਿਸ ਅਤੇ ਐਕਸਿਸ ਬੈਂਕ ਸਭ ਤੋਂ ਵੱਡੇ ਪਛੜੇ ਰਹਿਣ ਵਾਲਿਆਂ ਵਿੱਚੋਂ ਸਨ। ਹਾਲਾਂਕਿ ਟਾਟਾ ਮੋਟਰਜ਼, ਏਟਰਨਲ, ਸਨ ਫਾਰਮਾ ਅਤੇ ਟਾਟਾ ਸਟੀਲ ਲਾਭ ਪ੍ਰਾਪਤ ਕਰਨ ਵਾਲਿਆਂ ਵਿੱਚੋਂ ਸਨ।
ਇਨਫੋਸਿਸ ਲਿਮਟਿਡ ਨੇ ਬੁੱਧਵਾਰ ਨੂੰ ਜੂਨ ਤਿਮਾਹੀ ਵਿੱਚ ਸ਼ੁੱਧ ਲਾਭ ਵਿੱਚ 8.7 ਪ੍ਰਤੀਸ਼ਤ ਵਾਧਾ ਦਰਜ ਕੀਤਾ ਅਤੇ ਉਮੀਦ ਤੋਂ ਵੱਧ ਕਮਾਈ ਵਾਧੇ ਤੋਂ ਬਾਅਦ ਆਪਣੇ ਪੂਰੇ ਸਾਲ ਦੇ ਮਾਲੀਏ ਦੇ ਅੰਦਾਜ਼ੇ ਨੂੰ ਘੱਟ ਕੀਤਾ ਹੈ। ਐਕਸਚੇਂਜ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ਬੁੱਧਵਾਰ ਨੂੰ 4,209.11 ਕਰੋੜ ਰੁਪਏ ਦੇ ਸ਼ੇਅਰ ਵੇਚੇ। ਹਾਲਾਂਕਿ, ਘਰੇਲੂ ਸੰਸਥਾਗਤ ਨਿਵੇਸ਼ਕਾਂ (DIIs) ਨੇ ਪਿਛਲੇ ਕਾਰੋਬਾਰ ਵਿੱਚ 4,358.52 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
ਉਧਰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪੱਈਆ 17 ਪੈਸੇ ਦੀ ਮਜ਼ਬੂਤੀ ਨਾਲ 86.24 ’ਤੇ ਪਹੁੰਚ ਗਿਆ ਹੈ। -ਪੀਟੀਆਈ