ਸ਼ੁਰੂਆਤੀ ਕਾਰੋਬਾਰ ਦੌਰਾਨ ਸ਼ੇਅਰ ਮਾਰਕੀਟ ’ਚ ਗਿਰਾਵਟ
ਸ਼ੁਰੂਆਤੀ ਕਾਰੋਬਾਰ ’ਚ ਵੀਰਵਰ ਨੂੰ ਬੈਂਚਮਾਰਕ ਇਕੁਇਟੀ ਸੂਚਕ ਸੈਂਸੈਕਸ ਅਤੇ ਨਿਫਟੀ ’ਚ ਗਿਰਾਵਟ ਦਰਜ ਕੀਤੀ ਗਈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸੀ ਤੇਲ ਦੀ ਭਾਰਤ ਵੱਲੋਂ ਲਗਾਤਾਰ ਦਰਾਮਦ ਕਾਰਨ ਭਾਰਤੀ ਵਸਤੂਆਂ ’ਤੇ 25 ਫੀਸਦੀ ਵਾਧੂ ਡਿਊਟੀ ਲਾ ਦਿੱਤੀ ਹੈ। ਇਸ ਕਦਮ ਨਾਲ ਟੈਕਸਟਾਈਲ, ਸਮੁੰਦਰੀ ਅਤੇ ਚਮੜੇ ਦੇ ਨਿਰਯਾਤ ਵਰਗੇ ਖੇਤਰਾਂ ਦੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
ਸ਼ੁਰੂਆਤੀ ਕਾਰੋਬਾਰ 'ਚ 30 ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 335.71 ਅੰਕ ਡਿੱਗ ਕੇ 80,208.28 ’ਤੇ ਆ ਗਿਆ। 50 ਸ਼ੇਅਰਾਂ ਵਾਲਾ ਐੱਨਐੱਸਈ ਨਿਫਟੀ 114.15 ਅੰਕ ਡਿੱਗ ਕੇ 24,460.05 ’ਤੇ ਆ ਗਿਆ। ਸੈਂਸੈਕਸ ਫਰਮਾਂ ’ਚੋਂ ਅਡਾਨੀ ਪੋਰਟਸ, ਟਾਟਾ ਮੋਟਰਜ਼, ਕੋਟਕ ਮਹਿੰਦਰਾ ਬੈਂਕ, ਈਟਰਨਲ, ਟਾਟਾ ਸਟੀਲ ਅਤੇ ਐੱਨਟੀਪੀਸੀ ਗਿਰਾਵਟ ’ਚ ਸਨ। ਹਾਲਾਂਕਿ ਟ੍ਰੇਂਟ, ਟਾਈਟਨ, ਸਨ ਫਾਰਮਾ ਅਤੇ ਆਈ.ਟੀ.ਸੀ. ਵਾਧੇ ’ਚ ਸਨ।
ਐਕਸਚੇਂਜ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FII's) ਨੇ ਬੁੱਧਵਾਰ ਨੂੰ 4,999.10 ਕਰੋੜ ਰੁਪਏ ਦੇ ਸ਼ੇਅਰ ਵੇਚੇ। ਉਧਰ ਅਮਰੀਕੀ ਡਾਲਰ ਦੇ ਮੁਕਾਬਲੇ 5 ਪੈਸੇ ਵਧ ਕੇ ਰੁਪੱਈਆ 87.67 ’ਤੇ ਕਾਰੋਬਾਰ ਕਰ ਰਿਹਾ ਹੈ।