Stock market crash: ਸ਼ੇਅਰ ਬਾਜ਼ਾਰ 319 ਅੰਕ ਡਿੱਗਿਆ
ਬੀਐੱਸਈ ਦਾ ਸੈਂਸੈਕਸ 319.22 ਅੰਕ ਡਿੱਗ ਕੇ 77,186.74 ਦੇ ਪੱਧਰ ’ਤੇ ਬੰਦ ਹੋਇਆ
ਮੁੰਬਈ, 3 ਫਰਵਰੀ
Stock market crash ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੁਝ ਵਪਾਰਕ ਭਾਈਵਾਲਾਂ ’ਤੇ ਟੈਕਸ (ਟੈਰਿਫ) ਲਗਾਉਣ ਅਤੇ ਕਮਜ਼ੋਰ ਆਲਮੀ ਰੁਝਾਨਾਂ ਦਰਮਿਆਨ ਸ਼ੇਅਰ ਸੂਚਕ ਅੰਕ ਸੈਂਸੈਕਸ ਤੇ ਨਿਫ਼ਟੀ ਸੋਮਵਾਰ ਨੂੰ ਨਿਘਾਰ ਨਾਲ ਬੰਦ ਹੋਏ।
30 ਸ਼ੇਅਰਾਂ ਵਾਲਾ ਬੀਐੱਸਈ ਦਾ ਸੈਂਸੈਕਸ 319.22 ਅੰਕ ਜਾਂ 0.41 ਫੀਸਦ ਡਿੱਗ ਕੇ 77,186.74 ਦੇ ਪੱਧਰ ’ਤੇ ਬੰਦ ਹੋਇਆ। ਇਸ ਨਾਲ ਸੈਂਸੈਕਸ ਵਿਚ ਪੰਜ ਕਾਰੋਬਾਰੀ ਦਿਨਾਂ ਤੋਂ ਜਾਰੀ ਤੇਜ਼ੀ ਨੂੰ ਬ੍ਰੇਕ ਲੱਗੀ ਹੈ।
ਉਂਝ ਦਿਨ ਦੇ ਕਾਰੋਬਾਰ ਦੌਰਾਨ ਇਹ ਇਕ ਵਾਰ 749.87 ਅੰਕ ਜਾਂ 0.96 ਫੀਸਦ ਡਿੱਗ ਕੇ 76,756.09 ਦੇ ਪੱਧਰ ’ਤੇ ਵੀ ਗਿਆ। ਐੱਨਐੱਸਈ ਦਾ ਨਿਫਟੀ 121.10 ਅੰਕ ਜਾਂ 0.52 ਫੀਸਦ ਡਿੱਗ ਕੇ 23,361.05 ਉੱਤੇ ਆ ਗਿਆ।
ਸੈਂਸੈਕਸ ਦੇ ਸ਼ੇਅਰਾਂ ਵਿਚੋਂ ਲਾਰਸਨ ਐਂਡ ਟੂਬਰੋ, ਟਾਟਾ ਮੋਟਰਜ਼, ਹਿੰਦੁਸਤਾਨ ਯੂਨੀਲੀਵਰ, ਏਸ਼ੀਅਨ ਪੇਂਟਸ, ਆਈਟੀਸੀ, ਪਾਵਰ ਗਰਿੱਡ, ਐੱਨਟੀਪੀਸੀ ਤੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਨੂੰ ਵੱਡੀ ਮਾਰ ਪਈ। ਉਧਰ ਮਹਿੰਦਰਾ ਐਂਡ ਮਹਿੰਦਰਾ, ਬਜਾਜ ਫਿਨਸਰਵ, ਭਾਰਤੀ ਏਅਰਟੈੱਲ ਤੇ ਮਾਰੂਤੀ ਦੇ ਸ਼ੇਅਰਾਂ ਦੇ ਭਾਅ ਵਧੇ। -ਪੀਟੀਆਈ
ਏਸ਼ਿਆਈ ਬਾਜ਼ਾਰਾਂ ਵਿਚ ਜਾਪਾਨ ਦਾ ਨਿੱਕੀ, ਦੱਖਣੀ ਕੋਰੀਆ ਦਾ ਕਾਸਪੀ ਤੇ ਹਾਂਗਕਾਂਗ ਦਾ ਹੈਂਗਸੈਂਗ ਵਿਚ ਵੱਡਾ ਨਿਘਾਰ ਦੇਖਣ ਨੂੰ ਮਿਲਿਆ। ਅਮਰੀਕੀ ਬਾਜ਼ਾਰ ਸ਼ੁੱਕਰਵਾਰ ਨੂੰ ਨਕਾਰਾਤਮਕ ਰੁਖ਼ ਨਾਲ ਬੰਦ ਹੋਏ ਸਨ। -ਪੀਟੀਆਈ

