ਸ਼ੇਅਰ ਬਾਜ਼ਾਰ: ਸ਼ੁਰੂਆਤੀ ਵਪਾਰ ਵਿੱਚ ਤੇਜ਼ੀ; ਸੈਂਸੈਕਸ 400 ਤੋਂ ਵੱਧ ਅੰਕ ਚੜ੍ਹਿਆ
ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਿੱਚ ਕਟੌਤੀ ਦੇ ਵਿਚਕਾਰ ਸਕਾਰਾਤਮਕ ਆਲਮੀ ਰੁਝਾਨਾਂ ਦੇ ਨਾਲ ਸਟਾਕ ਮਾਰਕੀਟ ਦੇ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਨੇ ਸ਼ੁੱਕਰਵਾਰ ਨੂੰ ਸ਼ੁਰੂਆਤੀ ਵਪਾਰ ਵਿੱਚ ਤੇਜ਼ੀ ਜਾਰੀ ਰੱਖੀ।
30-ਸ਼ੇਅਰਾਂ ਵਾਲਾ ਬੀ ਐੱਸ ਈ ਸੈਂਸੈਕਸ ਸ਼ੁਰੂਆਤੀ ਵਪਾਰ ਦੌਰਾਨ 402.99 ਅੰਕ ਚੜ੍ਹ ਕੇ 85,221.12 ’ਤੇ ਪਹੁੰਚ ਗਿਆ। 50-ਸ਼ੇਅਰਾਂ ਵਾਲਾ ਐੱਨ ਐੱਸ ਈ ਨਿਫਟੀ 115.3 ਅੰਕ ਚੜ੍ਹ ਕੇ 26,013.85 ’ਤੇ ਪਹੁੰਚ ਗਿਆ।
ਸੈਂਸੈਕਸ ਫਰਮਾਂ ਵਿੱਚੋਂ ਲਾਰਸਨ ਐਂਡ ਟੂਬਰੋ, ਟਾਟਾ ਸਟੀਲ, ਬਜਾਜ ਫਾਈਨਾਂਸ, ਅਲਟਰਾਟੈੱਕ ਸੀਮੈਂਟ, ਐਕਸਿਸ ਬੈਂਕ ਅਤੇ ਭਾਰਤ ਇਲੈਕਟ੍ਰੋਨਿਕਸ ਮੁੱਖ ਲਾਭਕਾਰੀ ਰਹੇ। ਹਾਲਾਂਕਿ ਟੈੱਕ ਮਹਿੰਦਰਾ, ਆਈ ਟੀ ਸੀ, ਇਨਫੋਸਿਸ, ਐੱਚ ਸੀ ਐੱਲ ਟੈੱਕ ਅਤੇ ਹਿੰਦੁਸਤਾਨ ਯੂਨੀਲੀਵਰ ਪਛੜਨ ਵਾਲੇ ਰਹੇ।
ਐਕਸਚੇਂਜ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ਵੀਰਵਾਰ ਨੂੰ 2,020.94 ਕਰੋੜ ਰੁਪਏ ਦੇ ਸ਼ੇਅਰ ਵੇਚੇ, ਜਦੋਂ ਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ (DIIs) ਨੇ 3,796.07 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
ਉਧਰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪੱਈਆ 20 ਪੈਸੇ ਡਿੱਗ ਕੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 90.52 ’ਤੇ ਆ ਗਿਆ।
