ਛੋਟੇ ਕਾਰੋਬਾਰਾਂ ਨੂੰ ਹੁਣ ਤੋਂ 3 ਦਿਨਾਂ ਵਿੱਚ ਮਿਲੇਗੀ GST ਰਜਿਸਟ੍ਰੇਸ਼ਨ
GST ਵਿਭਾਗ ਸ਼ਨਿੱਚਰਵਾਰ ਤੋਂ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਲਈ ਇੱਕ ਸਰਲ GST ਰਜਿਸਟ੍ਰੇਸ਼ਨ ਸਕੀਮ ਸ਼ੁਰੂ ਕਰਨ ਜਾ ਰਿਹਾ ਹੈ। ਇਸ ਸਕੀਮ ਤਹਿਤ ਛੋਟੇ ਅਤੇ ਘੱਟ-ਜੋਖਮ ਵਾਲੇ ਕਾਰੋਬਾਰਾਂ ਨੂੰ 3 ਕੰਮਕਾਜੀ ਦਿਨਾਂ ਦੇ ਅੰਦਰ GST ਰਜਿਸਟ੍ਰੇਸ਼ਨ ਮਿਲ ਜਾਵੇਗੀ।
ਉਹ ਛੋਟੇ ਅਤੇ ਘੱਟ-ਜੋਖਮ ਵਾਲੇ ਕਾਰੋਬਾਰੀ ਬਿਨੈਕਾਰ, ਜਿਨ੍ਹਾਂ ਦੀ ਪਛਾਣ ਵਸਤਾਂ ਅਤੇ ਸੇਵਾਵਾਂ ਟੈਕਸ (GST) ਸਿਸਟਮ ਡਾਟਾ ਵਿਸ਼ਲੇਸ਼ਣ ਦੇ ਆਧਾਰ ’ਤੇ ਕਰਦਾ ਹੈ, ਜਾਂ ਉਹ ਬਿਨੈਕਾਰ ਜੋ ਸਵੈ-ਮੁਲਾਂਕਣ ਕਰਦੇ ਹਨ ਕਿ ਉਨ੍ਹਾਂ ਦੀ ਆਉਟਪੁੱਟ ਟੈਕਸ ਦੇਣਦਾਰੀ ਪ੍ਰਤੀ ਮਹੀਨਾ 2.5 ਲੱਖ ਰੁਪਏ (CGST, SGST/UTGST ਅਤੇ IGST ਸਮੇਤ) ਤੋਂ ਵੱਧ ਨਹੀਂ ਹੋਵੇਗੀ, ਉਹ ਇਸ ਸਕੀਮ ਨੂੰ ਅਪਣਾ ਸਕਣਗੇ।
ਕੇਂਦਰ ਅਤੇ ਰਾਜਾਂ ਦੇ ਵਿੱਤ ਮੰਤਰੀਆਂ ਦੀ ਬਣੀ GST ਕੌਂਸਲ ਨੇ ਆਪਣੀ 3 ਸਤੰਬਰ ਦੀ ਮੀਟਿੰਗ ਵਿੱਚ ਇਸ ਸਰਲ ਰਜਿਸਟ੍ਰੇਸ਼ਨ ਸਕੀਮ ਨੂੰ ਮਨਜ਼ੂਰੀ ਦਿੱਤੀ ਸੀ।
ਇਹ ਸਕੀਮ ਇਸ ਵਿੱਚ ਸਵੈ-ਇੱਛਾ ਨਾਲ ਸ਼ਾਮਲ ਹੋਣ ਅਤੇ ਬਾਹਰ ਨਿਕਲਣ ਦੀ ਵਿਵਸਥਾ ਪ੍ਰਦਾਨ ਕਰੇਗੀ।
ਗ਼ਾਜ਼ੀਆਬਾਦ ਵਿਖੇ CGST ਇਮਾਰਤ ਦੇ ਉਦਘਾਟਨ ਮੌਕੇ ਬੋਲਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਸੀ ਕਿ 1 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਇਸ ਸਰਲ GST ਰਜਿਸਟ੍ਰੇਸ਼ਨ ਸਕੀਮ ਨਾਲ 96 ਫੀਸਦੀ ਨਵੇਂ ਬਿਨੈਕਾਰਾਂ ਨੂੰ ਲਾਭ ਹੋਣ ਦੀ ਉਮੀਦ ਹੈ।
ਸੀਤਾਰਮਨ ਨੇ ਕਿਹਾ ਸੀ, ‘‘ਫੀਲਡ ਫਾਰਮੇਸ਼ਨ ਦਾ ਕੰਮ ਇਸਨੂੰ ਕਾਰਜਸ਼ੀਲ ਬਣਾਉਣਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਪ੍ਰਕਿਰਿਆ ਵਿੱਚ ਕੋਈ ਰੁਕਾਵਟ ਨਾ ਆਵੇ।’’
ਮੰਤਰੀ ਨੇ CBIC ਨੂੰ GST ਰਜਿਸਟ੍ਰੇਸ਼ਨ ਲਈ GST ਸੇਵਾ ਕੇਂਦਰਾਂ ਵਿਖੇ ਇੱਕ ਸਮਰਪਿਤ ਹੈਲਪ ਡੈਸਕ ਸਥਾਪਤ ਕਰਨ ਲਈ ਵੀ ਕਿਹਾ ਸੀ ਤਾਂ ਜੋ ਟੈਕਸਦਾਤਾਵਾਂ ਨੂੰ ਅਰਜ਼ੀ ਪ੍ਰਕਿਰਿਆ ਵਿੱਚ ਸਹੂਲਤ ਮਿਲ ਸਕੇ। ਵਰਤਮਾਨ ਵਿੱਚ 1.54 ਕਰੋੜ ਤੋਂ ਵੱਧ ਕਾਰੋਬਾਰ GST ਅਧੀਨ ਰਜਿਸਟਰਡ ਹਨ।
