Silver Price: ਇਸ ਸਾਲ ਚਾਂਦੀ ਨੇ ਨਿਵੇਸ਼ਕਾਂ ਦੀ ਚਾਂਦੀ ਚਾਂਦੀ ਕਰ ਦਿੱਤੀ ਹੈ। ਆਲਮੀ ਪੱਧਰ ’ਤੇ ਜਾਰੀ ਆਰਥਿਕ ਬੇਯਕੀਨੀ ਦਰਮਿਆਨ ਨਿਵੇਸ਼ਕ ਜਿੱਥੇ ਸੁਰੱਖਿਅਤ ਵਿਕਲਪ ਵੱਲ ਵਧੇ, ਉਥੇ ਸੂਰਜੀ ਊਰਜਾ ਅਤੇ ਇਲੈਕਟ੍ਰਿਕ ਵਾਹਨ ਖੇਤਰਾਂ ਵਿੱਚ ਮਜ਼ਬੂਤ ਉਦਯੋਗਿਕ ਮੰਗ ਨੇ ਚਾਂਦੀ ਦੀ ਚਮਕ ਨੂੰ ਹੋਰ ਵਧਾ ਦਿੱਤਾ। ਨਤੀਜੇ ਵਜੋਂ ਚਾਂਦੀ ਨੇ ਸਾਲ 2025 ਵਿੱਚ ਹੁਣ ਤੱਕ 49 ਫੀਸਦ ਤੋਂ ਵੱਧ ਦਾ ਰਿਟਰਨ ਦਿੱਤਾ ਹੈ।
ਇਹ ਸੋਨੇ ਅਤੇ ਸਟਾਕ ਮਾਰਕੀਟ ਵਿਚ ਨਿਵੇਸ਼ ਤੋਂ ਵੀ ਜ਼ਿਆਦਾ ਹੈ। ਸੋਨੇ ਨੂੰ ਆਮ ਕਰਕੇ ਰਵਾਇਤੀ ਤੌਰ ’ਤੇ ਸੁਰੱਖਿਅਤ ਨਿਵੇਸ਼ ਮੰਨਿਆ ਜਾਂਦਾ ਹੈ, ਪਰ ਇਸ ਸਾਲ ਇਸ ਦੀਆਂ ਕੀਮਤਾਂ ਵਿਚ ਵਾਧਾ ਸੀਮਤ ਰਿਹਾ। ਸ਼ੇਅਰ ਮਾਰਕੀਟ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ, ਪਰ ਚਾਂਦੀ ਨੇ ਦੋਵਾਂ ਨੂੰ ਪਛਾੜ ਦਿੱਤਾ।
ਮਾਹਿਰਾਂ ਦਾ ਕਹਿਣਾ ਹੈ ਕਿ ਆਲਮੀ ਬੇਯਕੀਨੀ ਅਤੇ ਜੋਖਮ ਦਰਮਿਆਨ ਸਾਫ਼ ਊਰਜਾ/ਸੂਰਜੀ/ਈਵੀ ਖੇਤਰਾਂ ਵਿੱਚ ਮੰਗ ਮਜ਼ਬੂਤ ਬਣੀ ਹੋਈ ਹੈ। ਇਸ ਲਈ ਕੁਝ ਸਾਵਧਾਨੀਆਂ ਦੇ ਨਾਲ ਜੋਖਮ ਸਮਰੱਥਾ ਦੇ ਅਧਾਰ ’ਤੇ ਚਾਂਦੀ ਇੱਕ ਚੰਗਾ ਨਿਵੇਸ਼ ਵਿਕਲਪ ਬਣੀ ਹੋਈ ਹੈ।
ਕਾਬਿਲੇਗੌਰ ਹੈ ਕਿ ਪਿਛਲੇ ਸਾਲ MCX (ਮਲਟੀ ਕਮੋਡਿਟੀ ਐਕਸਚੇਂਜ) ’ਤੇ ਚਾਂਦੀ 87,233 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਕਾਰੋਬਾਰ ਕਰ ਰਹੀ ਸੀ, ਜੋ ਕਿ 19 ਸਤੰਬਰ, 2025 ਤੱਕ 49.14 ਪ੍ਰਤੀਸ਼ਤ ਵਧ ਕੇ 1,30,099 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਮਹਿਤਾ ਇਕੁਇਟੀਜ਼ ਲਿਮਟਿਡ ਦੇ ਉਪ ਪ੍ਰਧਾਨ (ਕਮੋਡਿਟੀਜ਼) ਰਾਹੁਲ ਕਲੰਤਰੀ ਨੇ ਪੀਟੀਆਈ ਨੂੰ ਦੱਸਿਆ, ‘‘ਇਸ ਸਾਲ ਕਮਜ਼ੋਰ ਅਮਰੀਕੀ ਡਾਲਰ ਅਤੇ ਫੈਡਰਲ ਰਿਜ਼ਰਵ (ਅਮਰੀਕੀ ਕੇਂਦਰੀ ਬੈਂਕ) ਵੱਲੋਂ ਵਿਆਜ ਦਰ ਵਿੱਚ ਕਟੌਤੀ ਦੀਆਂ ਵਧਦੀਆਂ ਉਮੀਦਾਂ ਕਾਰਨ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।’’
ਇਸ ਤੋਂ ਇਲਾਵਾ ਆਲਮੀ ਪੱਧਰ ’ਤੇ ਵਧਦੀਆਂ ਭੂ-ਰਾਜਨੀਤਿਕ ਚਿੰਤਾਵਾਂ ਅਤੇ ਸੂਰਜੀ ਅਤੇ ਇਲੈਕਟ੍ਰਿਕ ਵਾਹਨ ਖੇਤਰਾਂ ਤੋਂ ਮਜ਼ਬੂਤ ਉਦਯੋਗਿਕ ਮੰਗ ਦਰਮਿਆਨ ਸੁਰੱਖਿਅਤ ਖਰੀਦਦਾਰੀ ਨੇ ਧਾਤ ਨੂੰ ਹੋਰ ਮਜ਼ਬੂਤੀ ਦਿੱਤੀ।
ਰਿਟਰਨ ਦੇ ਲਿਹਾਜ਼ ਨਾਲ ਚਾਂਦੀ ਨੇ ਸੋਨੇ ਅਤੇ ਸਟਾਕ ਮਾਰਕੀਟ ਦੋਵਾਂ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਸਾਲ ਹੁਣ ਤੱਕ ਚਾਂਦੀ ਨੇ ਸਾਲ-ਦਰ-ਸਾਲ 49.14 ਫੀਸਦ ਦਾ ਰਿਟਰਨ ਦਿੱਤਾ ਹੈ, ਜਦੋਂ ਕਿ ਸੋਨੇ ਵਿੱਚ 43.2 ਫੀਸਦ ਦਾ ਵਾਧਾ ਹੋਇਆ ਹੈ, ਅਤੇ ਪ੍ਰਮੁੱਖ ਸਟਾਕ ਮਾਰਕੀਟ ਸੂਚਕ ਅੰਕ ਬੀਐੱਸਈ ਸੈਂਸੈਕਸ ਅਤੇ ਐੱਨਐੱਸਈ ਨਿਫਟੀ ਕ੍ਰਮਵਾਰ 5.74 ਫੀਸਦ ਅਤੇ 7.1 ਫੀਸਦ ਵਧੇ ਹਨ।