ਟਰੰਪ ਦੀ H-1B ਵੀਜ਼ਾ ਫੀਸ ਨਾਲ ਆਈਟੀ ਕੰਪਨੀਆਂ ਦੇ ਸ਼ੇਅਰ ਡਿੱਗੇ, ਸ਼ੁਰੂਆਤੀ ਕਾਰੋਬਾਰ ’ਚ ਡਿੱਗਿਆ ਸ਼ੇਅਰ ਬਾਜ਼ਾਰ
IT companies Shares: ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਘਰੇਲੂ ਬਾਜ਼ਾਰ ਸੈਂਸੈਕਸ ਅਤੇ ਨਿਫਟੀ ਵਿੱਚ ਗਿਰਾਵਟ ਆਈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ H-1B ਵੀਜ਼ਾ ਫੀਸ ਨੂੰ ਪ੍ਰਤੀ ਕਰਮਚਾਰੀ $100,000 ਕਰਨ ਦੇ ਫੈਸਲੇ ’ਤੇ ਫ਼ਿਕਰਾਂ ਦਰਮਿਆਨ ਆਈਟੀ ਕੰਪਨੀਆਂ ਦੇ ਸ਼ੇਅਰ ਡਿੱਗ ਗਏ।
ਸ਼ੁਰੂਆਤੀ ਕਾਰੋਬਾਰ ਵਿੱਚ ਬੀਐੱਸਈ ਸੈਂਸੈਕਸ 475.16 ਅੰਕ ਡਿੱਗ ਕੇ 82,151.07 ’ਤੇ ਅਤੇ ਐੱਨਐੱਸਈ ਨਿਫਟੀ 88.95 ਅੰਕ ਡਿੱਗ ਕੇ 25,238.10 ’ਤੇ ਆ ਗਿਆ। ਸੈਂਸੈਕਸ ਵਿੱਚ ਸ਼ਾਮਲ 30 ਕੰਪਨੀਆਂ ਵਿੱਚੋਂ ਟੈਕ ਮਹਿੰਦਰਾ, ਇਨਫੋਸਿਸ, ਐੱਚਸੀਐੱਲ ਟੈੱਕ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ ਦੇ ਸ਼ੇਅਰ 3.88 ਤੋਂ 2.26 ਫੀਸਦ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। ਸਨ ਫਾਰਮਾ, ਭਾਰਤ ਇਲੈਕਟ੍ਰਾਨਿਕਸ, ਐਕਸਿਸ ਬੈਂਕ ਅਤੇ ਟਾਟਾ ਸਟੀਲ ਦੇ ਸ਼ੇਅਰ ਵੀ ਘਾਟੇ ਵਿੱਚ ਸਨ।
ਹਾਲਾਂਕਿ, ਅਡਾਨੀ ਪੋਰਟਸ, ਈਟਰਨਲ, ਟ੍ਰੈਂਟ ਅਤੇ ਬਜਾਜ ਫਾਇਨਾਂਸ ਦੇ ਸ਼ੇਅਰ ਮੁਨਾਫ਼ੇ ਵਿਚ ਸਨ। ਏਸ਼ੀਆਈ ਬਾਜ਼ਾਰਾਂ ਵਿੱਚ ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ 225 ਅਤੇ ਚੀਨ ਦਾ ਸ਼ੰਘਾਈ ਐਸਐਸਈ ਕੰਪੋਜ਼ਿਟ ਲਾਭ ਵਿੱਚ ਸਨ, ਜਦੋਂ ਕਿ ਹਾਂਗ ਕਾਂਗ ਦਾ ਹੈਂਗ ਸੇਂਗ ਘਾਟੇ ਵਿੱਚ ਸੀ।