ਸੈਂਸੈਕਸ ਤੇ ਨਿਫਟੀ ਵਿਚ ਸ਼ੁਰੂਆਤੀ ਕਾਰੋਬਾਰ ’ਚ ਤੇਜ਼ੀ, ਰੁਪਈਆ ਡਿੱਗਿਆ
Indian Stock Market: ਏਸ਼ਿਆਈ ਬਾਜ਼ਾਰਾਂ ਵਿੱਚ ਤੇਜ਼ੀ ਦਰਮਿਆਨ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ ਅਤੇ ਨਿਫਟੀ ਵਿੱਚ ਤੇਜ਼ੀ ਦੇਖਣ ਨੂੰ ਮਿਲੀ। ਬੀਐਸਈ ਸੈਂਸੈਕਸ 288.79 ਅੰਕ ਵਧ ਕੇ 81,407.39 ਅੰਕ ’ਤੇ ਜਦੋਂ ਕਿ ਐਨਐਸਈ ਨਿਫਟੀ 98.9 ਅੰਕ ਵਧ ਕੇ 24,817.50 ਅੰਕ ’ਤੇ ਪਹੁੰਚ ਗਿਆ। ਸੈਂਸੈਕਸ ਵਿੱਚ ਸ਼ਾਮਲ 30 ਕੰਪਨੀਆਂ ਵਿੱਚੋਂ ਪਾਵਰ ਗਰਿੱਡ, ਅਲਟਰਾਟੈਕ ਸੀਮੈਂਟ, ਭਾਰਤੀ ਏਅਰਟੈੱਲ, ਲਾਰਸਨ ਐਂਡ ਟੂਬਰੋ, ਏਸ਼ੀਅਨ ਪੇਂਟਸ, ਐਨਟੀਪੀਸੀ, ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਇਨਫੋਸਿਸ ਸਭ ਤੋਂ ਵੱਧ ਲਾਭ ਵਿੱਚ ਰਹੇ। ਟਾਟਾ ਮੋਟਰਜ਼, ਐਕਸਿਸ ਬੈਂਕ, ਅਡਾਨੀ ਪੋਰਟਸ ਅਤੇ ਕੋਟਕ ਮਹਿੰਦਰਾ ਬੈਂਕ ਦੇ ਸ਼ੇਅਰ ਘਾਟੇ ਵਿੱਚ ਰਹੇ। ਏਸ਼ਿਆਈ ਬਾਜ਼ਾਰਾਂ ਵਿੱਚ, ਦੱਖਣੀ ਕੋਰੀਆ ਦੇ ਕੋਸਪੀ, ਸ਼ੰਘਾਈ ਐਸਐਸਈ ਕੰਪੋਜ਼ਿਟ ਅਤੇ ਜਾਪਾਨ ਦੇ ਨਿੱਕੇਈ 225 ਲਾਭ ਵਿੱਚ ਰਹੇ ਜਦੋਂ ਕਿ ਹਾਂਗਕਾਂਗ ਦਾ ਹੈਂਗ ਸੇਂਗ ਘਾਟੇ ਵਿੱਚ ਰਿਹਾ।
ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਨਕਾਰਾਤਮਕ ਖੇਤਰ ਵਿੱਚ ਬੰਦ ਹੋਏ। ਅੰਤਰਰਾਸ਼ਟਰੀ ਬੈਂਚਮਾਰਕ ਬ੍ਰੈਂਟ ਕੱਚਾ ਤੇਲ 0.73 ਫੀਸਦ ਵੱਧ ਕੇ $74.77 ਪ੍ਰਤੀ ਬੈਰਲ ਹੋ ਗਿਆ। ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕ (FII) ਸ਼ੁੱਕਰਵਾਰ ਨੂੰ ਸ਼ੁੱਧ ਵਿਕਰੇਤਾ ਸਨ, ਜਿਨ੍ਹਾਂ ਨੇ 1,263.52 ਕਰੋੜ ਰੁਪਏ ਦੇ ਸ਼ੇਅਰ ਵੇਚੇ।
ਉਧਰ ਸ਼ੁਰੂਆਤੀ ਵਪਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਈਆ ਛੇ ਪੈਸੇ ਡਿੱਗ ਕੇ 86.17 ’ਤੇ ਆ ਗਿਆ ਕਿਉਂਕਿ ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਦੇ ਵਿਚਕਾਰ ਵਿਸ਼ਵ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਜਾਰੀ ਰਿਹਾ।
