ਸੈਂਸੈਕਸ ਤੇ ਨਿਫਟੀ ਸ਼ੁਰੂਆਤੀ ਕਾਰੋਬਾਰ ’ਚ ਡਿੱਗੇ
ਭਾਰਤ ਅਮਰੀਕਾ ਵਪਾਰ ਸਮਝੌਤੇ ਨਾਲ ਜੁੜੀ ਬੇਯਕੀਨੀ ਤੇ ਵਿਦੇਸ਼ੀ ਪੂੰਜੀ ਦੇ ਲਗਾਤਾਰ ਨਿਕਾਸ ਦਰਮਿਆਨ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ ਤੇ ਨਿਫਟੀ ਵਿਚ ਗਿਰਾਵਟ ਦਰਜ ਕੀਤੀ।
ਸ਼ੁਰੂਆਤੀ ਕਾਰੋਬਾਰ ਵਿੱਚ ਬੀਐੱਸਈ ਸੈਂਸੈਕਸ 270.77 ਅੰਕ ਡਿੱਗ ਕੇ 80,620.25 ਅੰਕ ’ਤੇ ਅਤੇ ਐੱਨਐੱਸਈ ਨਿਫਟੀ 71.25 ਅੰਕ ਡਿੱਗ ਕੇ 24,609.65 ਅੰਕ ’ਤੇ ਆ ਗਿਆ। ਸੈਂਸੈਕਸ ’ਤੇ ਸੂਚੀਬੱਧ 30 ਕੰਪਨੀਆਂ ਵਿੱਚੋਂ ਈਟਰਨਲ (ਪਹਿਲਾਂ ਜ਼ੋਮੈਟੋ), ਇਨਫੋਸਿਸ, ਭਾਰਤ ਇਲੈਕਟ੍ਰਾਨਿਕਸ, ਆਈਸੀਆਈਸੀਆਈ ਬੈਂਕ ਅਤੇ ਏਸ਼ੀਅਨ ਪੇਂਟਸ ਸਭ ਤੋਂ ਵੱਧ ਨੁਕਸਾਨੇ ਗਏ। ਰਿਲਾਇੰਸ ਇੰਡਸਟਰੀਜ਼, ਟਾਟਾ ਮੋਟਰਜ਼, ਐਚਸੀਐਲ ਟੈਕ, ਭਾਰਤੀ ਏਅਰਟੈੱਲ ਅਤੇ ਟਰੇਂਟ ਦੇ ਸ਼ੇਅਰਾਂ ਵਿੱਚ ਵਾਧਾ ਦਰਜ ਕੀਤਾ ਗਿਆ।
ਏਸ਼ਿਆਈ ਬਾਜ਼ਾਰਾਂ ਵਿੱਚ ਜਾਪਾਨ ਦਾ ਨਿੱਕੇਈ 225, ਚੀਨ ਦਾ ਸ਼ੰਘਾਈ ਐਸਐਸਈ ਕੰਪੋਜ਼ਿਟ ਅਤੇ ਹਾਂਗ ਕਾਂਗ ਦਾ ਹੈਂਗ ਸੇਂਗ ਘਾਟੇ ਵਿੱਚ ਰਿਹਾ ਜਦੋਂ ਕਿ ਦੱਖਣੀ ਕੋਰੀਆ ਦਾ ਕੋਸਪੀ ਲਾਭ ਵਿੱਚ ਰਿਹਾ। ਸੋਮਵਾਰ ਨੂੰ ਅਮਰੀਕੀ ਬਾਜ਼ਾਰ ਮਿਸ਼ਰਤ ਰੁਝਾਨ ਨਾਲ ਬੰਦ ਹੋਏ। ਉਧਰ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ 18 ਪੈਸੇ ਡਿੱਗ ਕੇ 86.88 ਨੂੰ ਪਹੁੰਚ ਗਿਆ।