Scheme for gig, platform workers ਆਨਲਾਈਨ ਪਲੈਟਫਾਰਮਾਂ ਲਈ ਕੰਮ ਕਰਨ ਵਾਲੇ ਅਸਥਾਈ ਕਾਮਿਆਂ ਨੂੰ ਸਮਾਜਿਕ ਸੁਰੱਖਿਆ ਲਾਭ ਦੇਣ ’ਤੇ ਵਿਚਾਰ
ਕੇਂਦਰੀ ਕਿਰਤ ਸਕੱਤਰ ਨੇ ਸੀਆਈਆਈ ਦੇ ਆਲਮੀ ਆਰਥਿਕ ਨੀਤੀ ਪਲੈਟਫਾਰਮ ਨੂੰ ਕੀਤਾ ਸੰਬੋਧਨ
ਨਵੀਂ ਦਿੱਲੀ, 11 ਦਸੰਬਰ
ਕਿਰਤ ਤੇ ਰੁਜ਼ਗਾਰ ਮੰਤਰਾਲੇ ਦੇਸ਼ ਵੱਚ ਗਿਗ ਮਤਲਬ ਕੰਮ ਦੇ ਆਧਾਰ ’ਤੇ ਤਨਖਾਹ ਲੈਣ ਵਾਲੇ ਅਤੇ ਆਨਲਾਈਨ ਪਲੈਟਫਾਰਮਾਂ ਲਈ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਸਮਾਜਿਕ ਸੁਰੱਖਿਆ ਵਰਗੇ ਵੱਖ-ਵੱਖ ਲਾਭ ਦੇਣ ਦੀ ਯੋਜਨਾ ’ਤੇ ਕੰਮ ਕਰ ਰਿਹਾ ਹੈ। ਅੱਜ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਭਾਰਤੀ ਉਦਯੋਗ ਕਨਫੈਡਰੇਸ਼ਨ (ਸੀਆਈਆਈ) ਦੇ ਆਲਮੀ ਆਰਥਿਕ ਨੀਤੀ ਪਲੈਟਫਾਰਮ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਕਿਰਤ ਸਕੱਤਰ ਸੁਮਿਤਾ ਡਾਵਰਾ ਨੇ ਕਿਹਾ ਕਿ ਸਮਾਜਿਕ ਸੁਰੱਖਿਆ ’ਤੇ ਕਿਰਤ ਸੰਹਿਤਾ ਨੇ ਉਨ੍ਹਾਂ ਲਈ ਸਮਾਜਿਕ ਸੁਰੱਖਿਆ ਲਾਭ ਦੀ ਰੂਪਰੇਖਾ ਤਿਆਰ ਕੀਤੀ ਹੈ।
ਉਨ੍ਹਾਂ ਕਿਹਾ, ‘‘ਅਸੀਂ ਅਸਥਾਈ ਅਤੇ ਆਨਲਾਈਨ ਪਲੈਟਫਾਰਮਾਂ ਲਈ ਕੰਮ ਕਰਨ ਵਾਲੇ ਕਾਮਿਆਂ ਲਈ ਯੋਜਨਾ ਬਣਾ ਰਹੇ ਹਾਂ। ਅਜਿਹੇ ਕਾਮਿਆਂ ਲਈ ਕੋਈ ਰਵਾਇਤੀ ਰੁਜ਼ਗਾਰਦਾਤਾ-ਮੁਲਾਜ਼ਮ ਸਬੰਧੀ ਪਰਿਭਾਸ਼ਿਤ ਨਹੀਂ ਹੈ ਪਰ ਅਸੀਂ ਉਨ੍ਹਾਂ ਲਈ ਸਮਾਜਿਕ ਸੁਰੱਖਿਆ ਕਵਚ ਲਿਆਉਣ ਦੀ ਲੋੜ ਹੈ ਤਾਂ ਜੋ ਉਹ ਵਧੇਰੇ ਉਤਪਾਦਕ ਹੋ ਸਕਣ ਅਤੇ ਦੇਸ਼ ਦੇ ਅਰਥਚਾਰੇ ਅਤੇ ਈ-ਕਾਮਰਸ ਤੇ ਸੇਵਾ ਖੇਤਰ ਦਾ ਵਧੇਰੇ ਪ੍ਰਭਾਵੀ ਢੰਗ ਨਾਲ ਸਮਰਥਨ ਕਰ ਸਕਣ।’’ -ਪੀਟੀਆਈ