ਬੱਸ ਅਪਰੇਟਰਾਂ ਨੂੰ ਕੌਮੀ ਮਾਰਗਾਂ ’ਤੇ ਟੌਲ ਵਿਚ ਲਾਭ ਦੇਣ ਲਈ ਨੀਤੀ ਬਣਾਈ ਜਾ ਰਹੀ ਹੈ: ਗਡਕਰੀ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਕਿ ਸੜਕ ਆਵਾਜਾਈ ਮੰਤਰਾਲਾ ਕੌਮੀ ਮਾਰਗਾਂ ਦੀ ਵਰਤੋਂ ਕਰਨ ਵਾਲੇ ਸਰਕਾਰੀ ਅਤੇ ਨਿੱਜੀ ਬੱਸ ਅਪਰੇਟਰਾਂ ਨੂੰ ਲਾਭ ਪ੍ਰਦਾਨ ਕਰਨ ਲਈ ਇੱਕ ਟੌਲ ਨੀਤੀ ’ਤੇ ਕੰਮ ਕਰ ਰਿਹਾ ਹੈ। ਇਸ ਤੋਂ ਪਹਿਲਾਂ ਹੀ ਸਰਕਾਰ ਗੈਰ-ਵਪਾਰਕ ਵਾਹਨਾਂ ਲਈ 3,000 ਰੁਪਏ ਦੀ ਕੀਮਤ ਵਾਲਾ ਫਾਸਟੈਗ ਆਧਾਰਿਤ ਸਾਲਾਨਾ ਪਾਸ ਜਾਰੀ ਕਰ ਚੁੱਕੀ ਹੈ ਜੋ 15 ਅਗਸਤ ਨੂੰ ਸ਼ੁਰੂ ਕੀਤਾ ਗਿਆ ਸੀ। ਇਹ ਪਾਸ ਰਜਿਸਟਰ ਹੋਣ ਦੀ ਮਿਤੀ ਤੋਂ ਇੱਕ ਸਾਲ ਜਾਂ 200 ਯਾਤਰਾਵਾਂ ਕਰਨ ਤੱਕ, ਜੋ ਵੀ ਪਹਿਲਾਂ ਹੋਵੇ, ਲਈ ਵੈਧ ਹੈ। ਇਹ ਪਾਸ ਵਿਸ਼ੇਸ਼ ਤੌਰ ’ਤੇ ਕਾਰਾਂ, ਜੀਪਾਂ ਅਤੇ ਵੈਨਾਂ ਵਰਗੇ ਗੈਰ-ਵਪਾਰਕ ਨਿੱਜੀ ਵਾਹਨਾਂ ਲਈ ਤਿਆਰ ਕੀਤਾ ਗਿਆ ਹੈ। ਗਡਕਰੀ ਨੇ ਬੀ ਓ ਸੀ ਆਈ ਦੇ ਭਾਰਤ ਪਰਵਾਸ ਪੁਰਸਕਾਰਾਂ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, ‘ਅਸੀਂ ਕੌਮੀ ਮਾਰਗਾਂ ਦੀ ਵਰਤੋਂ ਕਰਨ ਵਾਲੇ ਰਾਜ ਅਤੇ ਨਿੱਜੀ ਬੱਸ ਅਪਰੇਟਰਾਂ ਨੂੰ ਲਾਭ ਪ੍ਰਦਾਨ ਕਰਨ ਲਈ ਇੱਕ ਟੌਲ ਨੀਤੀ ’ਤੇ ਕੰਮ ਕਰ ਰਹੇ ਹਾਂ।’ ਉਨ੍ਹਾਂ ਕਿਹਾ ਕਿ ਸਰਕਾਰ ਨੇ ਵਾਹਨਾਂ ਦੇ ਪ੍ਰਦੂਸ਼ਣ ਨੂੰ ਘਟਾਉਣ ਦੇ ਉਦੇਸ਼ ਨਾਲ ਗਰੀਨ ਹਾਈਡ੍ਰੋਜਨ ਨਾਲ ਚੱਲਣ ਵਾਲੇ ਟਰੱਕਾਂ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ 10 ਹਾਈਵੇਅ ਦੀ ਪਛਾਣ ਕੀਤੀ ਹੈ। ਇਨ੍ਹਾਂ ਹਾਈਵੇਅ ’ਤੇ ਇੰਡੀਅਨ ਆਇਲ ਅਤੇ ਰਿਲਾਇੰਸ ਪੈਟਰੋਲੀਅਮ ਦੇ ਹਾਈਡ੍ਰੋਜਨ ਫਿਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ।
ਮੇਰੇ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਪੈਸੇ ਦੇ ਕੇ ਮੁਹਿੰਮ ਚਲਾਈ ਗਈ: ਗਡਕਰੀ
ਨਵੀਂ ਦਿੱਲੀ: ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਕਿ ਪੈਟਰੋਲ ਬਾਲਣ ਵਿੱਚ 20 ਫੀਸਦੀ ਈਥਾਨੌਲ ਮਿਲਾਉਣ ਦੇ ਮਾਮਲੇ ’ਤੇ ਉਨ੍ਹਾਂ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਮੁਹਿੰਮ ਪੈਸੇ ਦੇ ਕੇ ਚਲਾਈ ਗਈ ਸੀ। ਉਨ੍ਹਾਂ ਸੁਸਾਇਟੀ ਆਫ਼ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ (ਸਿਆਮ) ਦੇ ਸਾਲਾਨਾ ਸਮਾਗਮ ਵਿੱਚ ਕਿਹਾ, ‘ਆਟੋਮੋਬਾਈਲ ਉਦਯੋਗ ਸਮੇਤ ਹਿੱਸੇਦਾਰਾਂ ਨਾਲ ਈ20 (20 ਫੀਸਦੀ ਈਥਾਨੌਲ ਮਿਲਿਆ ਹੋਇਆ ਪੈਟਰੋਲ) ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਮੇਰੇ ਖ਼ਿਲਾਫ਼ ਮੁਹਿੰਮ ਜ਼ੋਰ ਸ਼ੋਰ ਨਾਲ ਚਲਾਈ ਗਈ, ਇਹ ਮੈਨੂੰ ਰਾਜਨੀਤਕ ਤੌਰ ’ਤੇ ਨਿਸ਼ਾਨਾ ਬਣਾਉਣ ਲਈ ਸੀ।’ ਸੋਸ਼ਲ ਮੀਡੀਆ ਵਿਚ ਕਿਹਾ ਗਿਆ ਸੀ ਕਿ ਗਡਕਰੀ ਦੇ ਦੋਵੇਂ ਲੜਕੇ ਈਥਾਨੌਲ ਫਰਮਾਂ ਵਿਚ ਹਨ ਜਿਸ ਕਰ ਕੇ ਉਨ੍ਹਾਂ ਨੂੰ ਲਾਭ ਪਹੁੰਚਾਉਣ ਲਈ ਇਹ ਨੀਤੀ ਲਿਆਂਦੀ ਗਈ ਹੈ। -ਪੀਟੀਆਈ