ਪ੍ਰਧਾਨ ਮੰਤਰੀ ਮੋਦੀ ਵੱਲੋਂ ਜਪਾਨੀ ਹਮਰੁਤਬਾ Ishiba ਨਾਲ ਮੁਲਾਕਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਜਪਾਨੀ ਹਮਰੁਤਬਾ ਸ਼ਿਗੇਰੂ ਇਸ਼ੀਬਾ (Shigeru Ishiba) ਨਾਲ ਸਿਖਰ ਵਾਰਤਾ ਕੀਤੀ, ਜਿਸ ਦਾ ਉਦੇਸ਼ ਵਪਾਰ, ਨਿਵੇਸ਼ ਅਤੇ ਉੱਭਰਦੀਆਂ ਤਕਨਾਲੋਜੀਆਂ ਦੇ ਖੇਤਰਾਂ ਸਮੇਤ ਸਮੁੱਚੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ।
ਦੋਵੇਂ ਆਗੂ 15ਵੀਂ ਭਾਰਤ-ਜਪਾਨ ਵਾਰਤਾ ਦੌਰਾਨ ਜਪਾਨ ਦੀ ਰਾਜਧਾਨੀ ਟੋਕੀਓ ’ਚ ਮਿਲੇ।
ਮੋਦੀ ਦੇ ਜਪਾਨੀ ਰਾਜਧਾਨੀ ਵਿੱਚ ਉਤਰਨ ਤੋਂ ਕੁਝ ਘੰਟਿਆਂ ਬਾਅਦ ਹੀ ਦੋਵੇਂ ਨੇਤਾ 15ਵੇਂ ਭਾਰਤ-ਜਾਪਾਨ ਸੰਮੇਲਨ ਲਈ ਮਿਲੇ।
ਸਿਖਰ ਸੰਮੇਲਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ-ਜਪਾਨ ਵਪਾਰ ਫੋਰਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਪਾਨ ਦੀ ਤਕਨਾਲੋਜੀ ਅਤੇ ਭਾਰਤ ਦੀ ਪ੍ਰਤਿਭਾ ਇਕੱਠੇ ਇਸ ਸਦੀ ਦੀ ਤਕਨੀਕੀ ਕ੍ਰਾਂਤੀ ਦੀ ਅਗਵਾਈ ਕਰ ਸਕਦੇ ਹਨ।
ਚੀਨ ਨਾਲ ਸਬੰਧਾਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਵਿਸ਼ਵ ਆਰਥਿਕ ਵਿਵਸਥਾ ਵਿੱਚ ਸਥਿਰਤਾ ਲਿਆਉਣ ਲਈ ਭਾਰਤ ਅਤੇ ਚੀਨ ਲਈ ਇਕੱਠੇ ਕੰਮ ਕਰਨਾ ਜ਼ਰੂਰੀ ਹੈ ਕਿਉਂਕਿ ਉਹ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਤਿਆਰ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਭਾਰਤ ਅਤੇ ਚੀਨ ਦੋ ਗੁਆਂਢੀਆਂ ਅਤੇ ਧਰਤੀ ਦੇ ਦੋ ਸਭ ਤੋਂ ਵੱਡੇ ਦੇਸ਼ਾਂ ਵਜੋਂ ਸਥਿਰ ਅਤੇ ਦੋਸਤਾਨਾ ਦੁਵੱਲੇ ਸਬੰਧਾਂ ਨਾਲ ਖੇਤਰੀ ਅਤੇ ਵਿਸ਼ਵਵਿਆਪੀ ਸ਼ਾਂਤੀ ’ਤੇ ਸਕਾਰਾਤਮਕ ਪ੍ਰਭਾਵ ਪਾ ਸਕਦੇ ਹਨ।’’
ਪ੍ਰਧਾਨ ਮੰਤਰੀ ਨੇ ਭਾਰਤ ਅਤੇ ਚੀਨ ਦੇ ਬਦਲਦੇ ਸਬੰਧਾਂ ਬਾਰੇ ਬੋਲਦਿਆਂ ਕਿਹਾ,“ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸੱਦੇ ’ਤੇ ਮੈਂ SCO ਸੰਮੇਲਨ ਵਿੱਚ ਹਿੱਸਾ ਲੈਣ ਲਈ ਇੱਥੋਂ Tianjin ਜਾਵਾਂਗਾ। ਪਿਛਲੇ ਸਾਲ ਕਜ਼ਾਨ ਵਿੱਚ ਰਾਸ਼ਟਰਪਤੀ ਸ਼ੀ ਨਾਲ ਮੇਰੀ ਮੁਲਾਕਾਤ ਤੋਂ ਬਾਅਦ ਸਾਡੇ ਦੁਵੱਲੇ ਸਬੰਧਾਂ ਵਿੱਚ ਸਥਿਰ ਅਤੇ ਸਕਾਰਾਤਮਕ ਪ੍ਰਗਤੀ ਹੋਈ ਹੈ।”
ਦੱਸ ਦਈਏ ਕਿ 2023-24 ’ਚ ਭਾਰਤ-ਜਾਪਾਨ ਦੁਵੱਲੇ ਵਪਾਰ ਦੀ ਮਾਤਰਾ 22 ਬਿਲੀਅਨ ਅਮਰੀਕੀ ਡਾਲਰ ਦਰਜ ਕੀਤੀ ਗਈ। ਜਪਾਨ ਭਾਰਤ ਦਾ ਸਿੱਧੇ ਵਿਦੇਸ਼ੀ ਨਿਵੇਸ਼ ਦਾ ਪੰਜਵਾਂ ਸਭ ਤੋਂ ਵੱਡਾ ਸਰੋਤ ਹੈ, ਜਿਸ ਵਿੱਚ ਦਸੰਬਰ 2024 ਤੱਕ 43.2 ਬਿਲੀਅਨ ਅਮਰੀਕੀ ਡਾਲਰ ਦਾ ਨਿਵੇਸ਼ ਦਰਜ ਕੀਤਾ ਗਿਆ ਹੈ।