ਓਲਾ ਦੇ ਇੰਜੀਨੀਅਰ ਵੱਲੋਂ ਖੁਦਕੁਸ਼ੀ: 28 ਪੰਨਿਆਂ ਦੇ ਨੋਟ ਵਿੱਚ ਸੀਈਓ ਭਾਵਿਸ਼ ਅਗਰਵਾਲ ਦਾ ਨਾਮ, ਕੇਸ ਦਰਜ
ਕੰਪਨੀ ਦਾ ਕਹਿਣਾ ਹੈ ਕਿ ਉਸ ਨੇ ਕਰਨਾਟਕ ਹਾਈ ਕੋਰਟ ਵਿੱਚ ਐੱਫਆਈਆਰ ਨੂੰ ਚੁਣੌਤੀ ਦਿੱਤੀ ਹੈ; ਓਲਾ ਇਲੈਕਟ੍ਰਿਕ ਅਤੇ ਇਸਦੇ ਅਧਿਕਾਰੀਆਂ ਦੇ ਹੱਕ ਵਿੱਚ ਸੁਰੱਖਿਆ ਹੁਕਮ ਜਾਰੀ
Advertisement
ਓਲਾ ਇਲੈਕਟ੍ਰਿਕ ਦੇ ਸੰਸਥਾਪਕ ਅਤੇ ਕੰਪਨੀ ਦੇ ਹੋਰ ਸੀਨੀਅਰ ਅਧਿਕਾਰੀਆਂ ਵਿਰੁੱਧ 38 ਸਾਲਾ ਇੰਜੀਨੀਅਰ ਦੀ ਖੁਦਕੁਸ਼ੀ ਤੋਂ ਬਾਅਦ ਇੱਕ ਇੱਕ ਕੇਸ ਦਰਜ ਕੀਤਾ ਗਿਆ ਹੈ। ਮ੍ਰਿਤਕ ਨੇ ਉਨ੍ਹਾਂ ਤੇ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਸੀ।
ਪੁਲੀਸ ਨੇ ਸੋਮਵਾਰ ਨੂੰ ਦੱਸਿਆ ਕਿ ਮ੍ਰਿਤਕ ਦੀ ਪਛਾਣ ਕੇ ਅਰਵਿੰਦ ਵਜੋਂ ਹੋਈ ਹੈ, ਜੋ 2022 ਤੋਂ ਕੋਰਾਮੰਗਲਾ ਵਿੱਚ ਓਲਾ ਇਲੈਕਟ੍ਰਿਕ ਵਿੱਚ ਹੋਮੋਲੋਗੇਸ਼ਨ ਇੰਜੀਨੀਅਰ ਵਜੋਂ ਕੰਮ ਕਰ ਰਿਹਾ ਸੀ।
ਇੱਕ ਬਿਆਨ ਵਿੱਚ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਫਰਮ ਨੇ ਕਰਨਾਟਕ ਹਾਈ ਕੋਰਟ ਦੇ ਸਾਹਮਣੇ ਐੱਫਆਈਆਰ ਦਰਜ ਕੀਤੇ ਜਾਣ ਨੂੰ ਚੁਣੌਤੀ ਦਿੱਤੀ ਹੈ ਅਤੇ ਓਲਾ ਇਲੈਕਟ੍ਰਿਕ, ਇਸ ਦੇ ਅਧਿਕਾਰੀਆਂ ਦੇ ਹੱਕ ਵਿੱਚ ਸੁਰੱਖਿਆ ਹੁਕਮ ਪਾਸ ਕੀਤੇ ਗਏ ਹਨ।
ਬਿਆਨ ਵਿੱਚ ਕਿਹਾ ਗਿਆ ਹੈ,''ਸਾਨੂੰ ਸਾਡੇ ਸਹਿਕਰਮੀ, ਅਰਵਿੰਦ ਦੇ ਦੇਹਾਂਤ ਤੇ ਡੂੰਘਾ ਦੁੱਖ ਹੈ, ਇਸ ਮੁਸ਼ਕਲ ਸਮੇਂ ਵਿੱਚ ਸਾਡੀ ਹਮਦਰਦੀ ਉਨ੍ਹਾਂ ਦੇ ਪਰਿਵਾਰ ਦੇ ਨਾਲ ਹੈ। ਅਰਵਿੰਦ ਸਾਢੇ ਤਿੰਨ ਸਾਲਾਂ ਤੋਂ ਓਲਾ ਇਲੈਕਟ੍ਰਿਕ ਨਾਲ ਜੁੜੇ ਹੋਏ ਸਨ ਅਤੇ ਬੈਂਗਲੁਰੂ ਵਿੱਚ ਸਾਡੇ ਮੁੱਖ ਦਫਤਰ ਵਿੱਚ ਤਾਇਨਾਤ ਸੀ।''
ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਆਪਣੇ ਕਾਰਜਕਾਲ ਦੌਰਾਨ ਅਰਵਿੰਦ ਨੇ ਕਦੇ ਵੀ ਆਪਣੀ ਨੌਕਰੀ ਜਾਂ ਕਿਸੇ ਪਰੇਸ਼ਾਨੀ ਬਾਰੇ ਕੋਈ ਸ਼ਿਕਾਇਤ ਜਾਂ ਗਲਤੀ ਨਹੀਂ ਦੱਸੀ। ਉਸ ਦੀ ਭੂਮਿਕਾ ਵਿੱਚ ਕੰਪਨੀ ਦੇ ਚੋਟੀ ਦੇ ਪ੍ਰਬੰਧਨ, ਜਿਸ ਵਿੱਚ ਪ੍ਰਮੋਟਰ ਵੀ ਸ਼ਾਮਲ ਹੈ, ਨਾਲ ਕੋਈ ਸਿੱਧਾ ਸੰਪਰਕ ਵੀ ਸ਼ਾਮਲ ਨਹੀਂ ਸੀ।
ਬਿਆਨ ਵਿੱਚ ਅੱਗੇ ਕਿਹਾ ਗਿਆ ਹੈ, “ਪਰਿਵਾਰ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਲਈ, ਕੰਪਨੀ ਨੇ ਤੁਰੰਤ ਉਸਦੇ ਬੈਂਕ ਖਾਤੇ ਵਿੱਚ ਪੂਰੀ ਅਤੇ ਅੰਤਿਮ ਸੈਟਲਮੈਂਟ ਦੀ ਸਹੂਲਤ ਦਿੱਤੀ।”
ਪੁਲੀਸ ਦੇ ਅਨੁਸਾਰ ਅਰਵਿੰਦ ਦੇ ਭਰਾ ਅਸ਼ਵਿਨ ਕੰਨਨ ਨੇ ਇੱਕ ਸ਼ਿਕਾਇਤ ਵਿੱਚ ਕਿਹਾ ਕਿ 28 ਸਤੰਬਰ ਨੂੰ ਅਰਵਿੰਦ ਨੇ ਕਥਿਤ ਤੌਰ 'ਤੇ ਚਿੱਕਲਾਸੰਦਰਾ ਵਿੱਚ ਆਪਣੇ ਅਪਾਰਟਮੈਂਟ ਵਿੱਚ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਮਹਾਰਾਜਾ ਅਗਰਸੇਨ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰੀ ਕੋਸ਼ਿਸ਼ਾਂ ਦੇ ਬਾਵਜੂਦ ਬਾਅਦ ਵਿੱਚ ਉਹ ਦਮ ਤੋੜ ਗਿਆ।
ਅਰਵਿੰਦ ਦੇ ਕਮਰੇ ਵਿੱਚੋਂ 28 ਪੰਨਿਆਂ ਦਾ ਹੱਥ ਨੋਟ ਬਰਾਮਦ ਹੋਇਆ ਹੈ, ਜਿਸ ਵਿੱਚ ਉਸ ਨੇ ਕਥਿਤ ਤੌਰ ਤੇ ਆਪਣੇ ਸੀਨੀਅਰਾਂ ਨੂੰ ਮਾਨਸਿਕ ਪਰੇਸ਼ਾਨੀ ਅਤੇ ਤਨਖਾਹ ਅਤੇ ਭੱਤਿਆਂ ਦੀ ਅਦਾਇਗੀ ਨਾ ਕਰਨ ਲਈ ਜ਼ਿੰਮੇਵਾਰ ਠਹਿਰਾਇਆ ਹੈ, ਜਿਸ ਕਾਰਨ ਉਸਨੇ ਜ਼ਹਿਰ ਖਾ ਲਿਆ।
ਸ਼ਿਕਾਇਤ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ 30 ਸਤੰਬਰ ਨੂੰ ਉਸਦੀ ਮੌਤ ਤੋਂ ਦੋ ਦਿਨ ਬਾਅਦ ਐੱਨਈਐੱਫਟੀ ਰਾਹੀਂ ਅਰਵਿੰਦ ਦੇ ਬੈਂਕ ਖਾਤੇ ਵਿੱਚ 17.46 ਲੱਖ ਰੁਪਏ ਟ੍ਰਾਂਸਫਰ ਕੀਤੇ ਗਏ ਸਨ, ਜਿਸ ਨੂੰ ਪਰਿਵਾਰ ਨੇ ਸ਼ੱਕੀ ਦੱਸਿਆ ਹੈ।
ਉਧਰ ਕੰਪਨੀ ਦੇ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ “ਓਲਾ ਇਲੈਕਟ੍ਰਿਕ ਚੱਲ ਰਹੀ ਜਾਂਚ ਵਿੱਚ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰ ਰਹੀ ਹੈ ਅਤੇ ਸਾਰੇ ਕਰਮਚਾਰੀਆਂ ਲਈ ਇੱਕ ਸੁਰੱਖਿਅਤ, ਸਤਿਕਾਰਯੋਗ, ਅਤੇ ਸਹਾਇਕ ਕਾਰਜ ਸਥਾਨ ਬਣਾਈ ਰੱਖਣ ਲਈ ਵਚਨਬੱਧ ਹੈ।”
Advertisement
×