ਈ ਪੀ ਐੱਫ ਤੋਂ ਹੁਣ ਕੱਢਿਆ ਜਾ ਸਕੇਗਾ 100 ਫੀਸਦ ਹਿੱਸਾ
ਈ ਪੀ ਐੱਫ ਓ ਨੇ ਅੱਜ ਆਪਣੇ ਸੱਤ ਕਰੋੜ ਤੋਂ ਵੱਧ ਮੈਂਬਰਾਂ ਨੂੰ ਈ ਪੀ ਐੱਫ ਖਾਤੇ ’ਚੋਂ ਅੰਸ਼ਿਕ ਤੌਰ ’ਤੇ ਰਾਸ਼ੀ ਕਢਵਾਉਣ ਦੇ ਨੇਮਾਂ ਵਿੱਚ ਵੱਡੀ ਛੋਟ ਦਿੰਦੇ ਹੋਏ ਯੋਗ ਰਾਸ਼ੀ ਦਾ 100 ਫੀਸਦ ਤੱਕ ਖਾਤੇ ’ਚੋਂ ਕਢਵਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਸੇਵਾਮੁਕਤ ਫੰਡ ਸੰਸਥਾ ਦੇ ਸੈਂਟਰਲ ਬੋਰਡ ਆਫ ਟਰੱਸਟੀਜ਼ (ਸੀ ਬੀ ਟੀ) ਦੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ। ਈ ਪੀ ਐੱਫ ਓ ਨੇ ਇਹ ਵੀ ਤੈਅ ਕੀਤਾ ਹੈ ਕਿ ਮੈਂਬਰਾਂ ਨੂੰ ਆਪਣੇ ਹਿੱਸੇ ਵਾਲੀ ਰਾਸ਼ੀ ਦਾ 25 ਫੀਸਦ ਹਿੱਸਾ ਘੱਟੋ-ਘੱਟ ਬਾਕੀ ਰਾਸ਼ੀ ਵਜੋਂ ਹਮੇਸ਼ਾ ਕਾਇਮ ਰੱਖਣਾ ਹੋਵੇਗਾ। ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਕਿਰਤ ਮੰਤਰੀ ਮਨਸੁੱਖ ਮਾਂਡਵੀਆ ਨੇ ਕੀਤੀ। ਕਿਰਤ ਮੰਤਰਾਲੇ ਨੇ ਬਿਆਨ ਵਿੱਚ ਕਿਹਾ ਕਿ ਹੁਣ ਈ ਪੀ ਐੱਫ ਓ ਦੇ ਮੈਂਬਰ ਈ ਪੀ ਐੱਫ ਵਿੱਚ ਕਰਮਚਾਰੀ ਤੇ ਰੁਜ਼ਗਾਰਦਾਤਾ ਦੇ ਹਿੱਸੇ ਸਣੇ ਯੋਗ ਬਾਕੀ ਰਾਸ਼ੀ ਦਾ 100 ਫੀਸਦ ਤੱਕ ਕੱਢ ਸਕਣਗੇ। ਇਸ ਦੇ ਨਾਲ ਹੀ ਅੰਸ਼ਿਕ ਤੌਰ ’ਤੇ ਰਾਸ਼ੀ ਕਢਵਾਉਣ ਦੇ ਮੁਸ਼ਕਿਲ 13 ਪ੍ਰਬੰਧਾਂ ਨੂੰ ਆਸਾਨ ਬਣਾਉਂਦੇ ਹੋਏ ਹੁਣ ਪ੍ਰਬੰਧਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ।
ਈ ਪੀ ਐੱਫ ਰਿਟਰਨ ਭਰਨ ਦੀ ਸਮਾਂ-ਸੀਮਾ ਵਧਾਈ
ਨਵੀਂ ਦਿੱਲੀ: ਈ ਪੀ ਐੱਫ ਓ ਨੇ ਸਤੰਬਰ ਮਹੀਨੇ ਲਈ ਈ ਪੀ ਐੱਫ ਰਿਟਰਨ ਜਾਂ ਇਲੈਕਟ੍ਰੌਨਿਕ ਚਲਾਨ-ਕਮ-ਰਿਟਰਨ (ਈ ਸੀ ਆਰ) ਦਾਖ਼ਲ ਕਰਨ ਦੀ ਸਮਾਂ-ਸੀਮਾ ਇਕ ਹਫ਼ਤਾ ਵਧਾ ਕੇ 22 ਅਕਤੂਬਰ 2025 ਤੱਕ ਕਰ ਦਿੱਤੀ ਹੈ। ਕਿਰਤ ਮੰਤਰਾਲੇ ਦੇ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਰੁਜ਼ਗਾਰਦਾਤਾਵਾਂ ਨੂੰ ਹਰੇਕ ਮਹੀਨੇ ਦੀ 15 ਤਰੀਕ ਤੱਕ ਈ ਸੀ ਆਰ ਦਾਖ਼ਲ ਕਰਨਾ ਜ਼ਰੂਰੀ ਹੈ। ਈ ਪੀ ਐੱਫ ਓ ਨੇ ਇਕ ਸੋਧੀ ਹੋਈ ਇਲੈਕਟ੍ਰੌਨਿਕ ਚਲਾਨ-ਕਮ-ਰਿਟਰਨ ਪ੍ਰਣਾਲੀ ਸ਼ੁਰੂ ਕੀਤੀ ਹੈ ਜੋ ਕਿ ਸਤੰਬਰ 2025 ਤਨਖਾਹ ਮਹੀਨੇ ਤੋਂ ਲਾਗੂ ਹੋਵੇਗੀ। -ਪੀਟੀਆਈ