ਨੀਤੀ ਆਯੋਗ ਨੂੰ ਭਾਰਤ-ਅਮਰੀਕਾ ਵਿਚਾਲੇ ਵਪਾਰ ਸਮਝੌਤਾ ਛੇਤੀ ਹੋਣ ਦੀ ਆਸ
ਨੀਤੀ ਆਯੋਗ ਦੇ ਸੀ ਈ ਓ, ਬੀ ਵੀ ਆਰ ਸੁਬਰਾਮਣੀਅਮ ਨੇ ਭਰੋਸਾ ਜਤਾਇਆ ਹੈ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਛੇਤੀ ਹੀ ਵਪਾਰ ਸਮਝੌਤਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕ ਲਾਭਕਾਰੀ ਦੁਵੱਲੇ ਵਪਾਰ ਸਮਝੌਤੇ ਲਈ ਵਚਨਬੱਧ ਹਨ।
ਸੁਬਰਾਮਣੀਅਮ ਨੇ ਕਿਹਾ ਕਿ ਭਾਰਤ ਨੂੰ ਟੈਰਿਫ ਅਤੇ ਨਾਨ-ਟੈਰਿਫ ਅੜਿੱਕੇ ਘੱਟ ਕਰਨੇ ਚਾਹੀਦੇ ਹਨ ਅਤੇ ਮੈਨੂੰਫੈਕਚਰਿੰਗ ਖੇਤਰ ’ਚ ਮੁਕਾਬਲੇਬਾਜ਼ੀ ਵਧਾਉਣ ਲਈ ਆਪਣੇ ਬਾਜ਼ਾਰ ਖੋਲ੍ਹਣੇ ਚਾਹੀਦੇ ਹਨ। ਇਥੇ ਇਕ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਹੋਈ ਵਾਰਤਾ ਨਾਲ ਵਪਾਰ ਸਮਝੌਤੇ ਦੀ ਦੋਵੇਂ ਮੁਲਕਾਂ ਨੂੰ ਉਮੀਦ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਗਸਤ ’ਚ ਭਾਰਤੀ ਵਸਤਾਂ ’ਤੇ ਟੈਰਿਫ ਦੁੱਗਣਾ ਕਰਕੇ 50 ਫ਼ੀਸਦ ਕਰ ਦਿੱਤਾ ਸੀ, ਜਿਸ ’ਚ ਰੂਸੀ ਤੇਲ ਖ਼ਰੀਦਣ ਕਾਰਨ ਲਾਇਆ ਗਿਆ 25 ਫ਼ੀਸਦ ਜੁਰਮਾਨਾ ਵੀ ਸ਼ਾਮਲ ਹੈ।
ਸੁਬਰਾਮਣੀਅਮ ਨੇ ਕਿਹਾ ਕਿ ਅਮਰੀਕੀ ਟੈਰਿਫ ਦਾ ਕ੍ਰਿਸਮਸ ਤੱਕ ਕੋਈ ਖਾਸ ਅਸਰ ਨਹੀਂ ਹੋਵੇਗਾ ਪਰ ਜੇ ਦੋਵੇਂ ਮੁਲਕ ਸਮਝੌਤੇ ਲਈ ਰਾਜ਼ੀ ਨਹੀਂ ਹੁੰਦੇ ਹਨ ਤਾਂ ਫਿਰ ਸਮੱਸਿਆ ਦੇਖਣ ਨੂੰ ਮਿਲੇਗੀ। ਚੀਨ ਤੋਂ ਨਿਵੇਸ਼ ’ਤੇ ਲਾਈਆਂ ਗਈਆਂ ਰੋਕਾਂ ਹਟਾਉਣ ਬਾਰੇ ਉਨ੍ਹਾਂ ਕਿਹਾ ਕਿ ਚੀਨ, ਭਾਰਤ ਲਈ ਵੱਡਾ ਸਪਲਾਇਰ ਹੈ ਪਰ ਜੇ ਚੀਨ ਨੂੰ ਜ਼ਿਆਦਾ ਸਮਾਨ ਨਹੀਂ ਵੇਚਿਆ ਜਾ ਰਿਹਾ ਹੈ ਤਾਂ ਫਿਰ ਸਮਝੌਤੇ ਦੀ ਕੋਈ ਤੁੱਕ ਨਹੀਂ ਹੈ।