ਲਾਗੂ ਹੋਏ ਯੂਪੀਆਈ ਦੇ ਨਵੇਂ ਨਿਯਮ: ਜਾਣੋ ਕੀ ਹਨ ਮੁੱਖ ਬਦਲਾਅ
ਭਾਰਤੀ ਕੌਮੀ ਭੁਗਤਾਨ ਨਿਗਮ (NPCI) ਨੇ ਐਪਲੀਕੇਸ਼ਨ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਕਰਨ ਅਤੇ ਧੋਖਾਧੜੀ ਨੂੰ ਘਟਾਉਣ ਲਈ ਸ਼ੁੱਕਰਵਾਰ, 1 ਅਗਸਤ ਤੋਂ ਯੂਪੀਆਈ ਦੇ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ। ਇਨ੍ਹਾਂ ਬਦਲਾਵਾਂ ਲਈ NPCI ਦਾ ਉਦੇਸ਼ ਯੂਪੀਆਈ ਨੂੰ ਤੇਜ਼, ਸੁਰੱਖਿਅਤ ਅਤੇ ਵਧੇਰੇ ਭਰੋਸੇਮੰਦ ਬਣਾਉਣਾ ਹੈ।
ਇਹ ਬਦਲਾਅ ਗੂਗਲ ਪੇ, ਫੋਨਪੇਅ, ਅਤੇ ਪੇਟੀਐੱਮ ਵਰਗੇ ਸਾਰੇ ਪ੍ਰਮੁੱਖ ਯੂਪੀਆਈ ਪਲੇਟਫਾਰਮਾਂ ’ਤੇ ਲਾਗੂ ਹੁੰਦੇ ਹਨ। ਹੁਣ ਉਪਭੋਗਤਾ ਇੱਕ ਦਿਨ ਵਿੱਚ ਸਿਰਫ਼ 50 ਵਾਰ ਬੈਂਕ ਬੈਲੰਸ ਚੈੱਕ ਕਰ ਸਕਣਗੇ ਅਤੇ ਹਰ ਲੈਣ-ਦੇਣ ਦੇ ਨਾਲ ਬੈਲੈਂਸ ਦਿਖਾਇਆ ਜਾ ਸਕਦਾ ਹੈ। ਸਿਸਟਮ ’ਤੇ ਭਾਰ ਘਟਾਉਣ ਲਈ ਆਟੋਮੈਟਿਕ ਭੁਗਤਾਨ (ਆਟੋ ਪੇਮੈਂਟ) ਸਿਰਫ਼ ਘੱਟ ਵਿਅਸਤ ਘੰਟਿਆਂ ਦੌਰਾਨ ਹੀ ਕੀਤੇ ਜਾਣਗੇ। ਬੈਂਕ ਦੇ ਵੇਰਵੇ ਦਿਨ ਵਿੱਚ 25 ਵਾਰ ਤੱਕ ਦੇਖੇ ਜਾ ਸਕਦੇ ਹਨ। ਹੁਣ ਤੋਂ ਗਲਤੀਆਂ ਨੂੰ ਰੋਕਣ ਲਈ ਹਰ ਟ੍ਰਾਂਸਫਰ ਤੋਂ ਪਹਿਲਾਂ ਪੈਸੇ ਪ੍ਰਾਪਤ ਕਰਨ ਵਾਲੇ ਦਾ ਰਜਿਸਟਰਡ ਨਾਮ ਦਿਖਾਇਆ ਜਾਵੇਗਾ।
ਬੈਂਕ ਬੈਲੰਸ ਦੀ ਜਾਂਚ
ਉਪਭੋਗਤਾ ਹੁਣ ਦਿਨ ਵਿੱਚ 50 ਵਾਰ ਤੱਕ ਆਪਣਾ ਬੈਂਕ ਬੈਲੰਸ ਚੈੱਕ ਕਰ ਸਕਣਗੇ।
ਪੀਕ ਆਵਰਜ਼ (ਜ਼ਿਆਦਾ ਵਰਤੋਂ ਦੇ ਸਮੇਂ) ਦੌਰਾਨ ਯੂਪੀਆਈ ਐਪਲੀਕੇਸ਼ਨਾਂ ਬੈਲੈਂਸਚੈੱਕ ਨੂੰ ਸੀਮਤ ਕਰ ਸਕਦੀਆਂ ਹਨ ਜਾਂ ਰੋਕ ਸਕਦੀਆਂ ਹਨ।
ਹੁਣ ਹਰ ਲੈਣ-ਦੇਣ ਦੇ ਨਾਲ ਉਪਭੋਗਤਾਵਾਂ ਨੂੰ ਆਪਣਾ ਉਪਲਬਧ ਬੈਲੈਂਸ ਵੀ ਦਿਖਾਈ ਦੇਵੇਗਾ।
ਆਟੋਪੇ (Autopay)
ਆਟੋਮੈਟਿਕ ਭੁਗਤਾਨ (ਆਟੋਪੇ) ਦੇ ਲੈਣ-ਦੇਣ ਸਿਰਫ਼ ਗੈਰ-ਪੀਕ ਘੰਟਿਆਂ ਦੌਰਾਨ ਹੀ ਕੀਤੇ ਜਾਣਗੇ:
ਸਵੇਰੇ 10:00 ਵਜੇ ਤੋਂ ਪਹਿਲਾਂ
ਦੁਪਹਿਰ 1:00 ਵਜੇ ਤੋਂ ਸ਼ਾਮ 5:00 ਵਜੇ ਤੱਕ
ਰਾਤ 9:30 ਵਜੇ ਤੋਂ ਬਾਅਦ
ਜੇਕਰ ਪੀਕ ਆਵਰਜ਼ ਦੌਰਾਨ ਭੁਗਤਾਨ ਤੈਅ ਕੀਤਾ ਗਿਆ ਹੈ, ਤਾਂ ਇਹ ਨਿਰਧਾਰਤ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਹੋ ਸਕਦਾ ਹੈ।
ਫੇਲ੍ਹ ਹੋਏ ਆਟੋਪੇ ਲੈਣ-ਦੇਣ ਲਈ ਦੁਬਾਰਾ ਕੋਸ਼ਿਸ਼ ਕੀਤੀ ਜਾਵੇਗੀ; ਜੇਕਰ ਇਹ ਅਸਫਲ ਰਹਿੰਦਾ ਹੈ, ਤਾਂ ਭੁਗਤਾਨ ਰੱਦ ਕਰ ਦਿੱਤਾ ਜਾਵੇਗਾ।
ਬੈਂਕ ਵੇਰਵੇ
ਉਪਭੋਗਤਾ ਆਪਣੇ ਮੋਬਾਈਲ ਨੰਬਰ ਨਾਲ ਜੁੜੇ ਬੈਂਕਾਂ ਦੀ ਸੂਚੀ ਦੇਖ ਸਕਦੇ ਹਨ।
ਇਸ ਨੂੰ ਦਿਨ ਵਿੱਚ ਸਿਰਫ਼ 25 ਵਾਰ ਹੀ ਦੇਖਿਆ ਜਾ ਸਕਦਾ ਹੈ।
ਇਹ ਬੇਨਤੀ ਉਪਭੋਗਤਾ ਦੁਆਰਾ ਯੂਪੀਆਈ ਐਪ ਵਿੱਚ ਬੈਂਕ ਦੀ ਚੋਣ ਕਰਨ ਤੋਂ ਬਾਅਦ ਹੀ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ।
ਲੈਣ-ਦੇਣ ਦੀ ਜਾਂਚ
ਜਿਨ੍ਹਾਂ ਲੈਣ-ਦੇਣ ਦੀ ਪੁਸ਼ਟੀ ਨਹੀਂ ਹੋਈ ਹੈ, ਉਹ ਹੁਣ 'ਪੈਂਡਿੰਗ' ਦਿਖਾਉਣ ਦੀ ਬਜਾਏ ਜਲਦੀ ਅੱਪਡੇਟ ਹੋਣਗੇ।
ਉਪਭੋਗਤਾ ਭੁਗਤਾਨ ਦੀ ਸਥਿਤੀ ਸਿਰਫ਼ 3 ਵਾਰ ਚੈੱਕ ਕਰ ਸਕਦੇ ਹਨ ਅਤੇ ਹਰ ਕੋਸ਼ਿਸ਼ ਵਿਚਕਾਰ 90-ਸਕਿੰਟ ਦਾ ਅੰਤਰ ਹੋਣਾ ਚਾਹੀਦਾ ਹੈ।
ਪੈਸੇ ਪ੍ਰਾਪਤ ਕਰਨ ਵਾਲੇ ਦਾ ਨਾਮ ਹਰ ਲੈਣ-ਦੇਣ ਤੋਂ ਪਹਿਲਾਂ ਪੈਸੇ ਪ੍ਰਾਪਤ ਕਰਨ ਵਾਲੇ ਦਾ ਰਜਿਸਟਰਡ ਨਾਮ ਦਿਖਾਇਆ ਜਾਵੇਗਾ।
ਇਸ ਨਾਲ ਉਪਭੋਗਤਾਵਾਂ ਨੂੰ ਧੋਖਾਧੜੀ ਜਾਂ ਗਲਤ ਟ੍ਰਾਂਸਫਰ ਤੋਂ ਬਚਣ ਵਿੱਚ ਮਦਦ ਮਿਲੇਗੀ।
ਇਹ ਨਾਮ ਲੈਣ-ਦੇਣ ਆਈਡੀ ਦੇ ਨਾਲ ਦਿਖਾਈ ਦੇਵੇਗਾ।
ਨਿਯਮਾਂ ਦੀ ਪਾਲਣਾ ਨਾ ਕਰਨ 'ਤੇ NPCI ਜੁਰਮਾਨੇ ਲਗਾ ਸਕਦੀ ਹੈ, ਜਿਸ ਵਿੱਚ ਸ਼ਾਮਲ ਹਨ:
API ਪਾਬੰਦੀਆਂ
ਨਵੇਂ ਉਪਭੋਗਤਾਵਾਂ ਨੂੰ ਸ਼ਾਮਲ ਕਰਨ 'ਤੇ ਰੋਕ
ਨਵੇਂ ਨਿਯਮਾਂ ਨਾਲ ਲੋਕਾਂ ਲਈ ਸੁਖਾਲੀ ਹੋਵੇਗੀ ਐਪਲੀਕੇਸ਼ਨਾਂ ਦੀ ਵਰਤੋ
ਯੂਪੀਆਈ ਐਪਲੀਕੇਸ਼ਨਾਂ ਦੀ ਕਾਰਗੁਜ਼ਾਰੀ ਵਿੱਚ ਵਾਧਾ ਹੋਵੇਗਾ
ਧੋਖਾਧੜੀ ਦੇ ਜੋਖਮ ਨੂੰ ਘਟਾਉਣਾ
ਪੀਕ ਆਵਰਜ਼ ਦੌਰਾਨ ਸਿਸਟਮ ’ਤੇ ਭਾਰ ਦਾ ਪ੍ਰਬੰਧਨ
ਵਧੇਰੇ ਪਾਰਦਰਸ਼ਤਾ ਅਤੇ ਉਪਭੋਗਤਾ ਕੰਟਰੋਲ ਨੂੰ ਯਕੀਨੀ ਬਣਾਉਣਾ