ਜੀ ਐੱਸ ਟੀ ਦੀਆਂ ਨਵੀਆਂ ਦਰਾਂ ਨਰਾਤਿਆਂ ਤੋਂ ਹੋਣਗੀਆਂ ਲਾਗੂ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ‘ਜੀ ਐੱਸ ਟੀ 2.0’ ਦੇਸ਼ ਦੇ ਵਿਕਾਸ ਲਈ ਦੋਹਰੀ ਖੁਰਾਕ ਹੈ ਅਤੇ 21ਵੀਂ ਸਦੀ ਵਿੱਚ ਭਾਰਤ ਦੀ ਤਰੱਕੀ ਲਈ ਭਵਿੱਖਮੁਖੀ ਸੁਧਾਰ ਕੀਤੇ ਗਏ ਹਨ। ਉਨ੍ਹਾਂ ਇਹ ਟਿੱਪਣੀ ਜੀ ਐੱਸ ਟੀ ਕੌਂਸਲ ਵੱਲੋਂ ਵਸਤਾਂ ਅਤੇ ਸੇਵਾਵਾਂ ਟੈਕਸ (ਜੀ ਐੱਸ ਟੀ) ਪ੍ਰਣਾਲੀ ’ਚ ਸੋਧਾਂ ਨੂੰ ਮਨਜ਼ੂਰੀ ਦਿੱਤੇ ਜਾਣ ਤੋਂ ਇੱਕ ਦਿਨ ਬਾਅਦ ਕੀਤੀ ਹੈ।
ਰਾਸ਼ਟਰੀ ਅਧਿਆਪਕ ਪੁਰਸਕਾਰ ਜੇਤੂਆਂ ਨਾਲ ਗੱਲਬਾਤ ਕਰਦਿਆਂ ਮੋਦੀ ਨੇ ਕਿਹਾ ਕਿ ਜੀ ਐੱਸ ਟੀ ਸੁਧਾਰਾਂ ਰਾਹੀਂ ਭਾਰਤ ਦੀ ਆਰਥਿਕਤਾ ਵਿੱਚ ਪੰਜ ਨਵੇਂ ਰਤਨ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜੀ ਐੱਸ ਟੀ ਹੋਰ ਵੀ ਸਰਲ ਹੋ ਗਿਆ ਹੈ ਅਤੇ 5 ਫੀਸਦ ਤੇ 18 ਫੀਸਦ ਦੀਆਂ ਨਵੀਆਂ ਦਰਾਂ ਨਰਾਤਿਆਂ ਦੇ ਪਹਿਲੇ ਦਿਨ ਤੋਂ ਲਾਗੂ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ ਮੁੱਢਲੀਆਂ ਘਰੇਲੂ ਵਸਤਾਂ ’ਤੇ ‘ਭਾਰੀ ਟੈਕਸ’ ਲਗਾਇਆ ਜਾਂਦਾ ਸੀ ਅਤੇ ਭਾਜਪਾ ਸਰਕਾਰ ਨੇ ਆਮ ਆਦਮੀ ਦੀ ਸਹੂਲਤ ਲਈ ਉਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। -ਪੀਟੀਆਈ
ਰਾਜਾਂ ਨੂੰ ਪੰਜ ਸਾਲਾਂ ਲਈ ਮੁਆਵਜ਼ਾ ਮਿਲੇ: ਕਾਂਗਰਸ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਤਕਰੀਬਨ ਇੱਕ ਦਹਾਕੇ ਤੋਂ ਕਾਂਗਰਸ ਜੀ ਐੱਸ ਟੀ ਨੂੰ ਸਰਲ ਬਣਾਉਣ ਦੀ ਮੰਗ ਕਰ ਰਹੀ ਹੈ। ਮੋਦੀ ਸਰਕਾਰ ਨੇ ‘ਇੱਕ ਰਾਸ਼ਟਰ, ਇੱਕ ਟੈਕਸ’ ਨੂੰ ‘ਇੱਕ ਰਾਸ਼ਟਰ, ਨੌਂ ਟੈਕਸ’ ਬਣਾ ਦਿੱਤਾ ਸੀ। ਉਨ੍ਹਾਂ ਐਕਸ ’ਤੇ ਕਿਹਾ ਕਿ ਹੁਣ ਰਾਜਾਂ ਨੂੰ 2024-25 ਨੂੰ ਆਧਾਰ ਸਾਲ ਮੰਨ ਕੇ ਪੰਜ ਸਾਲਾਂ ਦੀ ਮਿਆਦ ਲਈ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਦਰਾਂ ’ਚ ਕਟੌਤੀ ਨਾਲ ਉਨ੍ਹਾਂ ਦੇ ਮਾਲੀਏ ’ਤੇ ਮਾੜਾ ਅਸਰ ਪੈਣਾ ਤੈਅ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ, ‘ਸੰਭਵ ਹੈ ਕਿ ਦਰਾਂ ’ਚ ਕਟੌਤੀ ਦਾ ਲਾਭ ਖਪਤਕਾਰਾਂ ਤੱਕ ਪਹੁੰਚਾਇਆ ਜਾਵੇਗਾ। ਹਾਲਾਂਕਿ ਇੱਕ ਸੱਚੇ ਜੀ ਐੱਸ ਟੀ 2.0 ਦੀ ਉਡੀਕ ਜਾਰੀ ਹੈ। ਕੀ ਨਵਾਂ ‘ਜੀਐੱਸਟੀ 1.5’ ਨਿੱਜੀ ਨਿਵੇਸ਼ ਨੂੰ ਉਤਸ਼ਾਹਿਤ ਕਰੇਗਾ, ਦੇਖਣਾ ਬਾਕੀ ਹੈ। ਕੀ ਇਸ ਨਾਲ ਐੱਮ ਐੱਸ ਐੱਮ ਈ ’ਤੇ ਬੋਝ ਘੱਟ ਹੋਵੇਗਾ। ਇਹ ਤਾਂ ਸਮਾਂ ਹੀ ਦੱਸੇਗਾ।’
ਜੀ ਐੱਸ ਟੀ ਸੁਧਾਰਾਂ ਦਾ ਲਾਭ ਖਪਤਕਾਰਾਂ ਤੱਕ ਪਹੁੰਚਾਏ ਸਨਅਤ: ਗੋਇਲ
ਨਵੀਂ ਦਿੱਲੀ, 4 ਸਤੰਬਰ
ਕੇਂਦਰੀ ਵਣਜ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਜੀ ਐੱਸ ਟੀ ਸੁਧਾਰਾਂ ਨੂੰ ਅੱਜ ਆਜ਼ਾਦੀ ਤੋਂ ਬਾਅਦ ਦਾ ‘ਸਭ ਤੋਂ ਵੱਡਾ ਸੁਧਾਰ’ ਕਰਾਰ ਦਿੱਤਾ ਅਤੇ ਉਦਯੋਗਾਂ ਨੂੰ ਇਸ ਦਾ ਪੂਰਾ ਲਾਭ ਖਪਤਕਾਰਾਂ ਤੱਕ ਪਹੁੰਚਾਉਣ ਲਈ ਕਿਹਾ। ਮੰਤਰੀ ਨੇ ਕਿਹਾ ਕਿ ਜੀ ਐੱਸ ਟੀ ਸੁਧਾਰਾਂ ਨਾਲ ਤਕਰੀਬਨ ਸਾਰੇ ਖੇਤਰਾਂ ’ਚ ਮੰਗ ਵਧੇਗੀ ਅਤੇ ਦੇਸ਼ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ।
ਉਨ੍ਹਾਂ ਉਦਯੋਗਾਂ ਨੂੰ ‘ਮੇਕ ਇਨ ਇੰਡੀਆ’ ਨੂੰ ਵੱਡੇ ਪੱਧਰ ’ਤੇ ਹੁਲਾਰਾ ਦੇਣ ਦਾ ਵੀ ਸੱਦਾ ਦਿੱਤਾ। ਗੋਇਲ ਨੇ ਇੱਥੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੀਐੱਸਟੀ ਦਰਾਂ ’ਚ ਕਮੀ ਹੋਣ ਨਾਲ ਹਰ ਖਪਤਕਾਰ ਨੂੰ ਲਾਭ ਮਿਲੇਗਾ। ਉਨ੍ਹਾਂ ਕਿਹਾ, ‘ਪਿਛਲੇ 11 ਸਾਲਾਂ ’ਚ ਕੀਤੀਆਂ ਗਈਆਂ ਕਈ ਪਹਿਲਾਂ ਦੇ ਨਤੀਜੇ ਵਜੋਂ ਬੀਤੇ ਦਿਨ ਜੀ ਐੱਸ ਟੀ ’ਚ ਅਸਿੱਧੇ ਟੈਕਸਾਂ ’ਚ ਜੋ ਸੁਧਾਰ ਕੀਤਾ ਗਿਆ ਹੈ ਉਹ ਇਤਿਹਾਸਕ ਬਦਲਾਅ ਹੈ। ਇਸ ਦਾ ਦਵਾਈ ਖੇਤਰ ’ਤੇ ਅਤੇ ਕਿਸਾਨਾਂ ਤੋਂ ਲੈ ਕੇ ਸਾਡੇ ਐੱਮ ਐੱਸ ਐੱਮ ਈ (ਸੂਖਮ, ਲਘੂ ਤੇ ਦਰਮਿਆਨੀ ਸਨਅਤ) ਤੱਕ ਵੱਖ ਵੱਖ ਖੇਤਰਾਂ ’ਤੇ ਵੱਡਾ ਅਸਰ ਪਵੇਗਾ।’ ਉਨ੍ਹਾਂ ਕਿਹਾ, ‘ਦੇਸ਼ ਦੀ ਹਰ ਧਿਰ ਤੇ ਹਰ ਖਪਤਕਾਰ ਨੂੰ ਇਸ ਦਾ ਲਾਭ ਮਿਲੇਗਾ।’ ਉਨ੍ਹਾਂ ਕਿਹਾ ਕਿ ਇਹ ਕਦਮ 2047 ਤੱਕ ਭਾਰਤ ਨੂੰ ਵਿਕਸਿਤ ਮੁਲਕ ਬਣਾਉਣ ਦੀ ਯਾਤਰਾ ’ਚ ਆਉਣ ਵਾਲੇ ਮਹੀਨਿਆਂ ਤੇ ਸਾਲਾਂ ’ਚ ਬਹੁਤ ਅਹਿਮ ਭੂਮਿਕਾ ਨਿਭਾਏਗਾ। -ਪੀਟੀਆਈ