Meta ਨੇ ਆਨਲਾਈਨ ਘੁਟਾਲਿਆਂ ਤੋਂ ਬਚਾਉਣ ਲਈ ਸੁਰੱਖਿਆ ਸਾਧਨ ਵਧਾਏ
ਮੈਟਾ ਨੇ ਧੋਖਾਧੜੀ ਤੋਂ ਬਚਣ(anti-scam features) ਅਤੇ ਜਾਗਰੂਕਤਾ ਪਹਿਲਕਦਮੀਆਂ ਤਹਿਤ ਨਵੇਂ ਸੁਰੱਖਿਆ ਸਾਧਨਾਂ ਅਤੇ ਸੁਝਾਵਾਂ ਦਾ ਐਲਾਨ ਕੀਤਾ ਹੈ। ਮੈਟਾ ਨੇ ਕਿਹਾ ਕਿ ਜਦੋਂ ਉਪਭੋਗਤਾ ਵੀਡੀਓ ਕਾਲ ਦੌਰਾਨ ਕਿਸੇ ਅਣਜਾਣ ਸੰਪਰਕ ਨਾਲ ਆਪਣੀ ਸਕ੍ਰੀਨ ਸਾਂਝੀ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਵਟਸਐਪ ’ਤੇ ਉਸ ਨੂੰ ਚੇਤਾਵਨੀ ਮਿਲੇਗੀ।
ਮੈਟਾ ਨੇ ਚੇਤਾਵਨੀ ਦਿੱਤੀ ਕਿ ਠੱਗ ਆਮ ਲੋਕਾਂ ਨੂੰ ਬੈਂਕ ਵੇਰਵਿਆਂ ਜਾਂ ਤਸਦੀਕ ਕੋਡ ਨੰਬਰ ਸਮੇਤ ਸੰਵੇਦਨਸ਼ੀਲ ਜਾਣਕਾਰੀ ਦੇਣ ਲਈ ਦਬਾਅ ਪਾਉਂਦੇ ਹਨ ਕਿ ਉਹ ਆਪਣੀ ਸਕ੍ਰੀਨ ਸਾਂਝੀ ਕਰਨ। ਮੈਟਾ ਨੇ ਅੱਗੇ ਕਿਹਾ, ‘‘ਇਸ ਨਵੇਂ ਟੂਲ ਨਾਲ ਅਸੀਂ ਉਪਭੋਗਤਾਵਾਂ ਨੂੰ ਘੁਟਾਲਿਆਂ ਨੂੰ ਪਛਾਣਨ ਅਤੇ ਉਨ੍ਹਾਂ ਤੋਂ ਬਚਣ ਲਈ ਵਧੇਰੇ ਜਾਣਕਾਰੀ ਦੇ ਰਹੇ ਹਾਂ।’’
ਮੈਸੇਂਜਰ ’ਤੇ, ਮੈਟਾ ਨੇ ਕਿਹਾ ਕਿ ਉਹ ਚੈਟ ਵਿੱਚ ਹੋਰ ਉੱਨਤ ਘੁਟਾਲੇ ਦਾ ਪਤਾ ਲਗਾਉਣ (advanced scam detection) ਦੀ ਜਾਂਚ ਕਰ ਰਿਹਾ ਹੈ, ਜੋ ਉਪਭੋਗਤਾਵਾਂ ਨੂੰ ਸੰਭਾਵੀ ਤੌਰ ’ਤੇ ਘੁਟਾਲੇ ਵਾਲਾ ਸੁਨੇਹਾ ਪ੍ਰਾਪਤ ਹੋਣ ’ਤੇ ਚੇਤਾਵਨੀ ਦੇਵੇਗਾ।
ਇਸ ਵਿੱਚ ਕਿਹਾ ਗਿਆ ਹੈ, ‘‘ਜਦੋਂ ਇਹ ਚਾਲੂ ਹੁੰਦਾ ਹੈ ਅਤੇ ਕੋਈ ਨਵਾਂ ਸੰਪਰਕ ਸੰਭਾਵੀ ਤੌਰ ’ਤੇ ਘੁਟਾਲੇ ਵਾਲਾ ਸੁਨੇਹਾ ਭੇਜਦਾ ਹੈ, ਤਾਂ ਉਪਭੋਗਤਾਵਾਂ ਨੂੰ ਚੇਤਾਵਨੀ ਦਿੱਤੀ ਜਾਵੇਗੀ ਅਤੇ AI ਘੁਟਾਲੇ ਦੀ ਸਮੀਖਿਆ ਲਈ ਹਾਲੀਆ ਚੈਟ ਸੁਨੇਹੇ ਭੇਜਣ ਦਾ ਵਿਕਲਪ ਦਿੱਤਾ ਜਾਵੇਗਾ।’’
ਜੇਕਰ ਕੋਈ ਸੰਭਾਵੀ ਘੁਟਾਲਾ ਫੜਿਆ ਜਾਂਦਾ ਹੈ, ਤਾਂ ਉਪਭੋਗਤਾਵਾਂ ਨੂੰ ਆਮ ਘੁਟਾਲਿਆਂ ਬਾਰੇ ਵਧੇਰੇ ਜਾਣਕਾਰੀ ਮਿਲੇਗੀ ਅਤੇ ਸ਼ੱਕੀ ਖਾਤੇ ਨੂੰ ਬਲੌਕ ਕਰਨ ਜਾਂ ਰਿਪੋਰਟ ਕਰਨ ਸਮੇਤ ਕਾਰਵਾਈਆਂ ਦਾ ਸੁਝਾਅ ਦਿੱਤਾ ਜਾਵੇਗਾ।
ਮੈਟਾ ਨੇ ਸਲਾਹ ਦਿੱਤੀ ਕਿ ਫੇਸਬੁੱਕ, ਮੈਸੇਂਜਰ, ਅਤੇ ਵਟਸਐਪ ’ਤੇ, ਉਪਭੋਗਤਾ ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ 'ਪਾਸਕੀਜ਼' (Passkeys) ਸੈਟ ਅਪ ਕਰ ਸਕਦੇ ਹਨ, ਤਾਂ ਜੋ ਉਹ ਉਸੇ ਫਿੰਗਰਪ੍ਰਿੰਟ, ਚਿਹਰੇ, ਜਾਂ PIN ਨਾਲ ਸਾਈਨ ਇਨ ਕਰ ਸਕਣ ਜੋ ਉਹ ਪਹਿਲਾਂ ਹੀ ਆਪਣੇ ਮੋਬਾਈਲ ਡਿਵਾਈਸ ’ਤੇ ਵਰਤਦੇ ਹਨ।
ਮੈਟਾ ਨੇ ਕਿਹਾ, ‘‘ਅਸੀਂ ਅਪਰਾਧਿਕ ਸਿੰਡੀਕੇਟ ਤਰਫ਼ੋਂ ਚਲਾਏ ਜਾਂਦੇ ਘੁਟਾਲਾ ਕੇਂਦਰਾਂ ਵੱਲੋਂ ਸਾਡੇ ਪਲੇਟਫਾਰਮਾਂ ’ਤੇ ਖਾਤੇ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਲੱਭਣਾ ਅਤੇ ਬਲੌਕ ਕਰਨਾ ਜਾਰੀ ਰੱਖਦੇ ਹਾਂ।’’
ਮੈਟਾ ਨੇ ਦੱਸਿਆ ਕਿ 2025 ਦੀ ਪਹਿਲੀ ਛਿਮਾਹੀ ਵਿੱਚ, ਇਸ ਦੀਆਂ ਮਾਹਰ ਟੀਮਾਂ ਨੇ ਮਿਆਂਮਾਰ, ਲਾਓਸ, ਕੰਬੋਡੀਆ, ਸੰਯੁਕਤ ਅਰਬ ਅਮੀਰਾਤ ਅਤੇ ਫਿਲੀਪੀਨਜ਼ ਵਿੱਚ ਘੁਟਾਲੇ ਕੇਂਦਰਾਂ ਨਾਲ ਜੁੜੇ ਲਗਪਗ 80 ਲੱਖ ਖਾਤਿਆਂ ਦਾ ਪਤਾ ਲਗਾਇਆ ਅਤੇ ਉਨ੍ਹਾਂ ਨੂੰ ਬੰਦ ਕਰ ਦਿੱਤਾ।
ਇਸ ਨੇ ਦੱਸਿਆ, ‘‘ਇਸ ਤੋਂ ਇਲਾਵਾ, ਅਸੀਂ 21,000 ਤੋਂ ਵੱਧ ਪੰਨਿਆਂ ਅਤੇ ਖਾਤਿਆਂ ’ਤੇ ਕਾਰਵਾਈ ਕੀਤੀ ਜੋ ਲੋਕਾਂ ਨੂੰ ਉਨ੍ਹਾਂ ਦੀ ਜਾਣਕਾਰੀ ਸਾਂਝੀ ਕਰਨ ਲਈ ਧੋਖਾ ਦੇਣ ਦੀ ਕੋਸ਼ਿਸ਼ ਵਿੱਚ ਗ੍ਰਾਹਕ ਸਹਾਇਤਾ (customer support) ਹੋਣ ਦਾ ਢੌਂਗ ਕਰ ਰਹੇ ਸਨ।’’