ਨਰਾਤਿਆਂ ਦੇ ਪਹਿਲੇ ਦਿਨ ਮਾਰੂਤੀ ਤੇ ਹੁੰਦਈ ਕਾਰਾਂ ਦੀ ਰਿਕਾਰਡ ਤੋੜ ਵਿਕਰੀ
Maruti, Hyundai see record car deliveries on first Navratri ਨਰਾਤਿਆਂ ਦੇ ਪਹਿਲੇ ਦਿਨ ਅੱਜ ਪ੍ਰਮੁੱਖ ਕਾਰ ਨਿਰਮਾਤਾ ਕੰਪਨੀਆਂ ਮਾਰੂਤੀ ਸੁਜ਼ੂਕੀ ਅਤੇ ਹੁੰਦਈ ਮੋਟਰ ਇੰਡੀਆ ਨੇ ਰਿਕਾਰਡ ਤੋੜ ਵਿਕਰੀ ਕੀਤੀ। ਇਸ ਮੌਕੇ ਖਰੀਦਦਾਰਾਂ ਨੇ ਨਵੀਂ ਜੀਐਸਟੀ ਵਿਵਸਥਾ ਤਹਿਤ ਘੱਟ ਕੀਮਤ ’ਤੇ ਆਪਣੇ ਪਸੰਦੀਦਾ ਮਾਡਲ ਖਰੀਦੇ। ਇਸ ਮੌਕੇ ਕਾਰਾਂ ਦੇ ਆਊਟਲੈਟਾਂ ਵਿਚ ਲੋਕਾਂ ਦੀ ਭੀੜ ਜੁਟੀ ਰਹੀ।
ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਕਿਹਾ ਕਿ ਦੇਰ ਸ਼ਾਮ ਤੱਕ ਉਸ ਦੀ ਪ੍ਰਚੂਨ ਵਿਕਰੀ 25,000 ਕਾਰਾਂ ਦੀ ਵਿਕਰੀ ਦੇ ਅੰਕੜੇ ਨੂੰ ਪਾਰ ਕਰ ਗਈ ਸੀ ਅਤੇ ਦਿਨ ਦੇ ਅੰਤ ਤੱਕ 30,000 ਕਾਰਾਂ ਵਿਕਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਨਰਾਤਿਆਂ ਦੌਰਾਨ ਕਾਰਾਂ ਦੇ ਡੀਲਰਾਂ ਵਲੋਂ ਦੇਰ ਰਾਤ ਤੱਕ ਆਊਟਲੈਟ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਹੈ। ਮਾਰੂਤੀ ਸੁਜ਼ੂਕੀ ਇੰਡੀਆ ਦੇ ਸੀਨੀਅਰ ਕਾਰਜਕਾਰੀ ਅਧਿਕਾਰੀ (ਮਾਰਕੀਟਿੰਗ ਅਤੇ ਸੇਲਜ਼) ਪਾਰਥੋ ਬੈਨਰਜੀ ਨੇ ਕਿਹਾ ਕਿ ਨਰਾਤਿਆਂ ਅਤੇ ਨਵੀਂ GST ਪ੍ਰਣਾਲੀ ਦੇ ਪਹਿਲੇ ਦਿਨ ਗਾਹਕਾਂ ਦੀ ਪ੍ਰਤੀਕਿਰਿਆ ਬਹੁਤ ਵਧੀਆ ਰਹੀ। ਅੱਜ ਦੇ ਦਿਨ ਕੰਪਨੀ ਡੀਲਰਸ਼ਿਪਾਂ ਨੇ ਲਗਭਗ 80,000 ਗਾਹਕ ਦੇ ਸਵਾਲਾਂ ਦੇ ਜਵਾਬ ਦਿੱਤੇ। ਬੈਨਰਜੀ ਨੇ ਕਿਹਾ, ‘ਅਸੀਂ ਪਹਿਲਾਂ ਹੀ 25,000 ਡਿਲਿਵਰੀਆਂ ਦੇ ਚੁੱਕੇ ਹਾਂ ਤੇ ਅੱਜ ਰਾਤ ਤਕ 30,000 ਯੂਨਿਟ ਵਿਕ ਜਾਣਗੇ।’ ਉਨ੍ਹਾਂ ਕਿਹਾ ਕਿ ਕੀਮਤਾਂ ਘਟਣ ਨਾਲ ਛੋਟੀਆਂ ਕਾਰਾਂ ਦੀ ਬੁਕਿੰਗ ਦੀ ਗਿਣਤੀ ਵਿੱਚ 50 ਫੀਸਦੀ ਵਾਧਾ ਹੋਇਆ ਹੈ, ਉਨ੍ਹਾਂ ਕਿਹਾ ਕਿ ਇਹ ਵਿਕਰੀ ਇੰਨੀ ਵੱਡੀ ਪੱਧਰ ’ਤੇ ਹੋਈ ਕਿ ਕੰਪਨੀ ਦੇ ਕੁਝ ਮਾਡਲ ਵੇਰੀਐਂਟ ਦਾ ਸਟਾਕ ਖਤਮ ਹੋ ਸਕਦਾ ਹੈ। ਅੱਜ ਦਾ ਦਿਨ ਕੰਪਨੀ ਲਈ ਵਿਕਰੀ ਦੇ ਮਾਮਲੇ ਵਿੱਚ ਸਭ ਤੋਂ ਵਧੀਆ ਦਿਨ ਵਿੱਚੋਂ ਇੱਕ ਰਿਹਾ ਹੈ।
ਹੁੰਦਈ ਮੋਟਰ ਇੰਡੀਆ ਦੇ ਸੀਓਓ ਤਰੁਣ ਗਰਗ ਨੇ ਕਿਹਾ ਕਿ ਨਰਾਤਿਆਂ ਦੀ ਸ਼ੁਭ ਸ਼ੁਰੂਆਤ ਤੇ ਜੀਐਸਟੀ ਵਿਚ ਕਮੀ ਕਾਰਨ ਉਨ੍ਹਾਂ ਦੀ ਸੇਲ ਬਹੁਤ ਵਧੀ ਹੈ।